ਮੁੰਬਈ: ਫਿਲਮ ਨਿਰਮਾਤਾ, ਲੇਖਕ ਅਤੇ ਨਿਰਦੇਸ਼ਕ ਜੇ.ਪੀ ਦੱਤਾ ਦੀ ਫਿਲਮ ਬਾਰਡਰ ਨੂੰ ਰਿਲੀਜ਼ ਹੋਏ ਅੱਜ 23 ਸਾਲ ਹੋ ਗਏ ਹਨ। 23 ਸਾਲ ਪੂਰੇ ਹੋਣ 'ਤੇ ਫਿਲਮ ਦੇ ਮੁੱਖ ਅਦਾਕਾਰ ਸੁਨੀਲ ਸ਼ੈੱਟੀ ਅਤੇ ਸੰਗੀਤਕਾਰ ਅਨੂੰ ਮਲਿਕ ਨੇ ਇਸ ਫਿਲਮ ਨੂੰ ਇੰਨਾ ਪਿਆਰ ਦੇਣ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਇਹ ਫਿਲਮ 13 ਜੂਨ 1997 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ।
'ਬਾਰਡਰ' ਫਿਲਮ 1971 'ਚ ਭਾਰਤ ਪਾਕਿਸਤਾਨ ਯੁੱਧ 'ਤੇ ਅਧਾਰਤ ਹੈ ਜਿਸ 'ਚ ਸੁਨੀਲ ਸ਼ੈੱਟੀ ਤੋਂ ਇਲਾਵਾ ਸੰਨੀ ਦਿਓਲ, ਅਕਸ਼ੇ ਖੰਨਾ, ਜੈਕੀ ਸ਼ਰਾਫ, ਸੁਦੇਸ਼ ਬੇਰੀ, ਪੁਨੀਤ ਈਸਰ, ਕੁਲਭੂਸ਼ਣ ਖਰਬੰਦਾ, ਤੱਬੂ, ਰਾਖੀ ਅਤੇ ਪੂਜਾ ਭੱਟ ਨੇ ਅਦਾਕਾਰੀ ਕੀਤੀ ਸੀ।
ਬੀ.ਐਸ.ਐਫ. ਕਮਾਂਡਰ ਭੈਰੋ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਸੁਨੀਲ ਨੇ ਸ਼ਨਿਚਰਵਾਰ ਨੂੰ ਟਵੀਟ ਕਰ ਲਿਖਿਆ ਕਿ ਇਸ ਖੂਬਸੂਰਤ ਫਿਲਮ ਦਾ ਹਿੱਸਾ ਬਣਨ ਲਈ ਮੈਂ ਸ਼ੁਕਰਗੁਜ਼ਾਰ ਹਾਂ।