ਮੁੰਬਈ: ਕੋਰੋਨਾ ਕਾਰਨ ਲਗੇ ਲੌਕਡਾਊਨ ਦੌਰਾਨ ਅਦਾਕਾਰ ਸੋਨੂੰ ਸੂਦ ਕਈ ਲੋਕਾਂ ਦੇ ਲਈ ਮਸੀਹਾ ਬਣ ਕੇ ਸਾਹਮਣੇ ਆਏ। ਹਰ ਤਰ੍ਹਾ ਦੇ ਨਾਲ ਇਹ ਪੰਜਾਬੀ ਗੱਭਰੂ ਲੋਕਾਂ ਦੀ ਮਦਦ ਕਰ ਰਿਹਾ ਹੈ ਤੇ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਫ਼ਾਇਦਾ ਪਹੁੰਚਾ ਚੁੱਕਿਆ ਹੈ।
ਇਸੇ ਕੜੀ ਵਿੱਚ ਉਨ੍ਹਾਂ ਨੇ ਇੱਕ ਔਰਤ ਨੂੰ ਨੌਕਰੀ ਵੀ ਦਵਾਈ ਹੈ। ਇਹ ਕਿੱਸਾ ਹੈ ਸਾਫ਼ਟਵੇਅਰ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਸਬਜ਼ੀ ਵੇਚ ਰਹੀ ਕੁੜੀ ਸ਼ਾਰਦਾ ਦੀ। ਜੋ ਕਿ ਹੈਦਰਾਬਾਦ ਦੀ ਰਹਿਣ ਵਾਲੀ ਹੈ ਜਿਸ ਦੀ ਕੋਰੋਨਾ ਕਾਰਨ ਲੱਗੇ ਲੌਕਡਾਊਨ ਦੌਰਾਨ ਨੌਕਰੀ ਚਲੀ ਗਈ ਸੀ।
ਅਜਿਹੇ ਵਿੱਚ ਸ਼ਾਰਦਾ ਨੂੰ ਸਬਜ਼ੀ ਵੇਚਣ ਦਾ ਕੰਮ ਕਰਨਾ ਪਿਆ। ਬੀ.ਟੈੱਕ ਕਰ ਚੁੱਕੀ ਸ਼ਾਰਦਾ ਦੀ ਇਹ ਗੱਲ ਸੋਨੂੰ ਸੂਦ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਉਸ ਦਾ ਇੱਕ ਕੰਪਨੀ ਵਿੱਚ ਇੰਟਰਵਿਊ ਕਰਵਾਇਆ ਤੇ ਜਾਬ ਲੈਟਰ ਸ਼ਾਰਦਾ ਦੇ ਘਰ ਪਹੁੰਚ ਗਿਆ।
ਸ਼ਾਰਦਾ ਦਾ ਇੱਕ ਵੀਡੀਓ ਟਵੀਟਰ ਉੱਤੇ ਸ਼ੇਅਰ ਕੀਤਾ ਗਿਆ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਕੋਵਿਡ-19 ਦੀ ਵਜ੍ਹਾ ਨਾਲ ਲੱਗੀ ਤਾਲਾਬੰਦੀ ਕਾਰਨ ਉਸ ਦੀ ਨੌਕਰੀ ਚਲੀ ਗਈ ਤੇ ਉਹ ਹੁਣ ਸਬਜ਼ੀ ਵੇਚ ਰਹੀ ਹੈ। ਇਹ ਵੀਡੀਓ ਇੱਕ ਯੂਜ਼ਰ ਨੇ ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਕੀ ਤੁਸੀਂ ਇਸਦੀ ਕੋਈ ਮਦਦ ਕਰ ਸਕਦੇ ਹੋ? ਸੋਨੂੰ ਨੇ ਫ਼ੌਰਨ ਐਕਸ਼ਨ ਲਿਆ ਤੇ ਸ਼ਾਰਦਾ ਨੂੰ ਨੌਕਰੀ ਮਿਲ ਗਈ।
ਸੋਨੂੰ ਨੇ ਇਸ ਅਪੀਲ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ਮੇਰੇ ਅਧਿਕਾਰੀ ਇਸ ਨੂੰ ਮਿਲੇ, ਇੰਟਰਵਿਊ ਹੋ ਚੁੱਕਾ ਹੈ ਜਾਬ ਲੈਟਰ ਵੀ ਭੇਜਿਆ ਜਾ ਚੁੱਕਾ ਹੈ। ਜੈ ਹਿੰਦ।