ਮੁੰਬਈ : ਉੱਤਰਪ੍ਰਦੇਸ਼ ਦੇ ਅਲੀਗੜ 'ਚ ਢਾਈ ਸਾਲ ਦੀ ਮਾਸੂਮ ਬੱਚੀ ਦੇ ਕਤਲ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੇਸ਼ ਭਰ 'ਚ ਗੁੱਸਾ ਜ਼ਾਹਿਰ ਹੋ ਰਿਹਾ ਹੈ। ਇਸ ਦੇ ਚਲਦਿਆਂ ਫ਼ਿਲਮੀ ਹਸਤੀਆਂ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਇਨ੍ਹਾਂ ਦੇ ਵਿੱਚ ਸੋਨਮ ਕਪੂਰ ਦਾ ਨਾਂਅ ਸ਼ਾਮਿਲ ਹੈ। ਸੋਨਮ ਨੇ ਇਸ ਘਟਨਾ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ। ਇਸ ਟਵੀਟ ਕਾਰਨ ਸੋਨਮ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।
ਅਦਾਕਾਰਾ ਸੋਨਮ ਕਪੂਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਤਿੰਨ ਸਾਲ ਦੀ ਬੱਚੀ ਦੇ ਨਾਲ ਜੋ ਹੋਇਆ ਉਹ ਬੇਹੱਦ ਹੀ ਦੁਖਦਾਈ ਹੈ। ਮੈਂ ਟਵੀਂਕਲ ਦੇ ਪਰਿਵਾਰ ਲਈ ਪ੍ਰਾਥਨਾ ਕਰਦੀ ਹਾਂ। ਇਸ ਦੇ ਨਾਲ ਹੀ ਲੋਕਾਂ ਨੂੰ ਇਹ ਕਹਾਂਗੀ ਕਿ ਇਸ ਨੂੰ ਸਵਾਰਥੀ ਏਜੰਡਾ ਨਾ ਬਣਾਓ। ਇਹ ਇੱਕ ਛੋਟੀ ਬੱਚੀ ਦੀ ਮੌਤ ਦਾ ਮਾਮਲਾ ਹੈ, ਇਸ 'ਤੇ ਨਫ਼ਰਤ ਨਾ ਫ਼ੈਲਾਓ।
ਸੋਨਮ ਦੇ ਇਸ ਟਵੀਟ ਤੋਂ ਬਾਅਦ ਲਗਾਤਾਰ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ ਸੋਨਮ ਕਠੂਆ 'ਚ ਹੋਏ ਰੇਪ ਕੇਸ ਅਤੇ ਅਲੀਗੜ ਦੇ ਹੱਤਿਆ ਮਾਮਲੇ 'ਚ ਦੋਂ ਤਰ੍ਹਾਂ ਦਾ ਵਿਵਹਾਰ ਦਿੱਖਾ ਰਹੀ ਹੈ।
ਕੀ ਹੈ ਮਾਮਲਾ?
ਦਰਅਸਲ ਸੋਨਮ ਦਾ ਅਲੀਗੜ ਦੇ ਮਸਲੇ 'ਤੇ ਟਵੀਟ ਉਸ ਦੇ ਕਠੂਆ ਵਿੱਚ ਵਾਪਰੇ ਰੇਪ ਕੇਸ ਦੇ ਟਵੀਟ ਨਾਲ ਜੋੜਿਆ ਜਾ ਰਿਹਾ ਹੈ। ਸੋਨਮ ਨੇ ਕਠੂਆ ਰੇਪ ਕੇਸ ਦੀ ਖ਼ਬਰ ਤੋਂ ਬਾਅਦ ਇਹ ਟਵੀਟ ਕੀਤਾ ਸੀ ਕਿ ਉਸ ਨੂੰ ਹੁਣ ਭਾਰਤ 'ਚ ਰਹਿਣ ਲੱਗਿਆ ਸ਼ਰਮ ਆਉਂਦੀ ਹੈ। ਟਵਿੱਟਰ 'ਤੇ ਉਸ ਦੇ ਦੋਵੇਂ ਮਸਲਿਆਂ ਦੇ ਟਵੀਟ ਜੋੜ ਕੇ ਸੋਨਮ ਦੀ ਆਲੋਚਨਾ ਕੀਤੀ ਜਾ ਰਹੀ ਹੈ ਕਿ ਅਤੇ ਸੋਨਮ ਨੂੰ ਦੋਗਲਾ ਕਿਹਾ ਜਾ ਰਿਹਾ ਹੈ।