ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਐਤਵਾਰ ਨੂੰ ਮੈਟਰੋ ਯਾਰਡ ਦੀ ਉਸਾਰੀ ਲਈ ਆਰੇ ਜੰਗਲ ਵਿੱਚ 2700 ਤੋਂ ਵੱਧ ਰੁੱਖਾਂ ਦੇ ਕੱਟਣ ਦਾ ਵਿਰੋਧ ਕਰ ਰਹੇ ਪ੍ਰਦਸ਼ਰਨਕਾਰੀਆਂ ਵਿੱਚ ਸ਼ਾਮਿਲ ਹੋਈ ਹੈ।
ਉਸ ਨੇ ਬ੍ਰਿਹਨ ਮੁੰਬਾਈ ਨਗਰ ਨਿਗਮ ਦੇ ਰੁੱਖ ਅਧਿਕਾਰੀ ਦੇ ਇਸ ਫ਼ੈਸਲੇ ਨੂੰ ਬੇਤੁਕਾ ਦੱਸਿਆ ਹੈ। ਕਈਆਂ ਹੋਰ ਟਵਿੱਟਰ ਯੂਜ਼ਰਸ ਨੇ ਸਰਕਾਰ ਦੇ ਇਸ ਫ਼ੈਸਲੇ' ਤੇ ਮੁੜ ਵਿਚਾਰ ਕਰਨ ਅਤੇ ਇਸ ਨੂੰ ਉਲਟਾਉਣ ਲਈ ਵੀ ਕਿਹਾ ਹੈ। ਬੀਐੱਮਸੀ ਦੀ ਅਥਾਰਟੀ ਨੇ ਵੀਰਵਾਰ ਨੂੰ ਗੋਰੇਗਾਓਂ ਨਾਲ ਲੱਗਦੀ ਆਰੇ ਕਲੋਨੀ ਵਿੱਚ ਮੈਟਰੋ ਯਾਰਡ ਬਣਾਉਣ ਲਈ 2,700 ਤੋਂ ਵੱਧ ਰੁੱਖ ਕੱਟਣ ਨੂੰ ਪ੍ਰਵਾਨਗੀ ਦਿੱਤੀ ਸੀ। ਆਰੇ ਫੌਰੈਸਟ ਸ਼ਹਿਰ ਦਾ ਮੁੱਖ ਹਰਾ ਖੇਤਰ ਮੰਨਿਆ ਜਾਂਦਾ ਹੈ।
ਹੋਰ ਪੜ੍ਹੋ : ਫ਼ਿਲਮ ਅੰਗਰੇਜ਼ ਰਾਹੀਂ ਚੜ੍ਹੀ ਸੀ ਸਰਗੁਣ ਦੀ ਗੁੱਡੀ
ਸ਼ਰਧਾ ਇਕਲੌਤੀ ਬਾਲੀਵੁੱਡ ਮਸ਼ਹੂਰ ਹਸਤੀ ਨਹੀਂ, ਜਿਨ੍ਹਾਂ ਨੇ ਇਸ ਫ਼ੈਸਲੇ ਖ਼ਿਲਾਫ਼ ਆਪਣਾ ਵਿਰੋਧ ਜਤਾਇਆ ਹੈ। ਅਦਾਕਾਰਾ ਦੀਆ ਮਿਰਜ਼ਾ, ਰਵੀਨਾ ਟੰਡਨ, ਈਸ਼ਾ ਗੁਪਤਾ ਅਤੇ ਅਦਾਕਾਰ ਰਣਦੀਪ ਹੁੱਡਾ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਹੈ।
ਸ਼ਰਧਾ ਨੇ ਕਿਹਾ ਕਿ ਉਹ ਰੁੱਖ ਨੂੰ ਕੱਟਣ ਦੀ ਇਜਾਜ਼ਤ ਬਾਰੇ ਸ਼ਿਕਾਇਤ ਦਰਜ ਕਰਾਉਣ ਲਈ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਵਿੱਚ ਭਾਗੀਦਾਰੀ ਬਣੀ ਹੈ ਅਤੇ ਉਸ ਨੂੰ ਉਮੀਦ ਹੈ ਕਿ ਇਹ ਫ਼ੈਸਲਾ ਵਾਪਸ ਜ਼ਰੂਰ ਲਿਆ ਜਾਵੇਗਾ।
ਸ਼ਰਧਾ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਾਈਵ ਹੋਈ ਤੇ ਕਿਹਾ, ''ਅਸੀਂ ਸਾਰੇ ਇੱਥੇ ਮਾਂ ਕੁਦਰਤ ਦੇ ਸਮਰਥਨ ਲਈ ਇੱਕਜੁੱਟ ਹੋਏ ਹਾਂ। ਸਾਡੇ ਕੋਲ ਪ੍ਰਦੂਸ਼ਣ ਦੀ ਸਮੱਸਿਆ ਪਹਿਲਾਂ ਹੀ ਹੈ, ਇਸ ਲਈ ਸਾਨੂੰ ਰੁੱਖਾਂ ਨੂੰ ਕੱਟਣ ਦੀ ਆਗਿਆ ਨਹੀਂ ਦੇਣੀ ਚਾਹੀਦੀ।"
ਅਦਾਕਾਰਾ ਦੀਆ ਮਿਰਜ਼ਾ ਨੇ ਟਵਿੱਟਰ 'ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਟੈਗ ਕਰਦੇ ਹੋਏ ਲਿਖਿਆ, "ਮੈਂ ਮੈਟਰੋ ਦੇ ਖ਼ਿਲਾਫ਼ ਨਹੀਂ ਹਾਂ। ਕਿਰਪਾ ਕਰਕੇ ਇਸ ਨੂੰ ਬਣਾਉ ਪਰ ਵਾਤਾਵਰਣ ਪ੍ਰਣਾਲੀ ਨੂੰ ਵਿਗਾੜਨ ਦੀ ਕੀਮਤ 'ਤੇ ਨਹੀਂ ਜੋ ਸਾਡੀ ਅਨਮੋਲ ਸੇਵਾ ਕਰਦਾ ਹੈ।"