ਮੁੰਬਈ:ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਮਸ਼ਹੂਰ ਕਾਰੋਬਾਰੀ ਰਾਜ ਕੁੰਦਰਾ ਨੂੰ ਸੋਮਵਾਰ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਹਿਰਾਸਤ ਵਿੱਚ ਲੈ ਲਿਆ। ਰਾਜ ਕੁੰਦਰਾ 'ਤੇ ਅਸ਼ਲੀਲ ਫਿਲਮਾਂ ਬਣਾਉਣ ਅਤੇ ਐਪਸ ਦੇ ਜ਼ਰੀਏ ਉਨ੍ਹਾਂ ਨੂੰ ਦਿਖਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ।
ਇਸ ਸਬੰਧੀ ਮੁੰਬਈ ਦੇ ਪੁਲਿਸ ਕਮਿਸ਼ਨਰ ਹੇਮੰਤ ਨਾਗ੍ਰਾਲੇ ਨੇ ਦੱਸਿਆ ਕਿ ਰਾਜ ਕੁੰਦਰਾ ਦੇ ਖਿਲਾਫ਼ ਉਨ੍ਹਾਂ ਕੋਲ ਸਬੂਤ ਹਨ ਜਿਸ ਦੇ ਚੱਲਦੇ ਗ੍ਰਿਫਤਾਰ ਕੀਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੁੰਦਰਾ (45) ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਹੈ। ਉਸ ਨੂੰ ਪੂਰੇ ਮਾਮਲੇ ਦਾ ਮਾਸਟਰਮਾਈਂਡ ਹੋਣ ਦੇ ਸ਼ੱਕ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਫਰਵਰੀ 2021 ਵਿਚ, ਕ੍ਰਾਈਮ ਬ੍ਰਾਂਚ ਨੇ ਮੁੰਬਈ ਵਿਚ ਅਸ਼ਲੀਲ ਫਿਲਮਾਂ ਬਣਾਉਣ ਅਤੇ ਕੁਝ ਐਪਸ ਰਾਹੀਂ ਉਨ੍ਹਾਂ ਨੂੰ ਜਾਰੀ ਕਰਨ ਲਈ ਕੇਸ ਦਰਜ ਕੀਤਾ ਸੀ।