ਮੁੰਬਈ: ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖ਼ਾਨ ਦੀ ਤਬੀਅਤ ਖ਼ਰਾਬ ਹੋਣ ਕਰਕੇ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਸਿਹਤ ਵਿੱਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਆਇਆ ਹੈ ਤੇ ਉਨ੍ਹਾਂ ਨੂੰ ਜਲਦ ਹੀ ਹਸਪਤਾਲ 'ਚੋਂ ਛੁੱਟੀ ਮਿਲ ਜਾਵੇਗੀ।
ਦੱਸ ਦੇਈਏ ਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 20 ਜੂਨ ਦੇ ਦਿਨ ਬਾਂਦਰਾ ਦੇ ਗੁਰੂ ਨਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪਰਿਵਾਰ ਦੇ ਇੱਕ ਕਰੀਬੀ ਨੇ ਪੀਟੀਆਈ ਨੂੰ ਦੱਸਿਆ ਕਿ 71 ਸਾਲਾਂ ਕੋਰੀਓਗ੍ਰਾਫ਼ਰ ਪਹਿਲਾਂ ਨਾਲੋਂ ਬੇਹਤਰ ਹੈ।
ਸੂਤਰਾਂ ਨੇ ਕਿਹਾ, "ਉਹ ਪੂਰੀ ਦੇਖ-ਰੇਖ ਵਿੱਚ ਹੈ ਤੇ ਉਨ੍ਹਾਂ ਦੀ ਸਿਹਤ ਵਿੱਚ ਪਹਿਲਾਂ ਨਾਲੋਂ ਵੀ ਸੁਧਾਰ ਹੈ। ਉਨ੍ਹਾਂ ਨੂੰ ਜਲਦ ਹੀ ਛੁੱਟੀ ਦੇ ਦਿੱਤੀ ਜਾਵੇਗੀ।"
ਫ਼ਿਲਮਮੇਕਰ ਕੁਨਾਲ ਕੋਹਲੀ ਨੇ ਦਿੱਗਜ ਕੋਰੀਓਗ੍ਰਾਫਰ ਸਰੋਜ ਖ਼ਾਨ ਦੀ ਹੈਲਥ ਅਪਡੇਟ ਬੁੱਧਵਾਰ ਸਵੇਰੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ। ਸਰੋਜ ਦੇ ਬੇਟੇ ਰਾਜੂ ਨਾਲ ਹੋਈ ਗੱਲਬਾਤ ਦੇ ਅਧਾਰ 'ਤੇ ਕੁਨਾਲ ਨੇ ਦੱਸਿਆ ਕਿ ਸਰੋਜ ਹੁਣ ਠੀਕ ਹੈ ਤੇ ਉਨ੍ਹਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।
ਇਸੇ ਦਰਮਿਆਨ ਫ਼ਿਲਮ ਨਿਰਮਾਤਾ ਅਨੁਭਵ ਸਿਨਹਾ ਨੇ ਵੀ ਇੱਕ ਟੱਵੀਟ ਕਰ ਲੋਕਾਂ ਨੂੰ ਸਰੋਜ ਦੀ ਹੈਲਥ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ। ਦੱਸ ਦੇਈਏ ਕਿ ਸਰੋਜ ਖ਼ਾਨ ਨੇ ਆਪਣੇ ਕਰੀਅਰ ਵਿੱਚ 2 ਹਜ਼ਾਰ ਤੋਂ ਵੱਧ ਗਾਣਿਆਂ ਨੂੰ ਕੋਰੀਓਗ੍ਰਾਫ ਕੀਤਾ, ਜਿਸ ਦੇ ਚੱਲਦੇ ਉਨ੍ਹਾਂ ਨੂੰ 'ਮਦਰ ਆਫ਼ ਡਾਂਸ' ਵੀ ਕਿਹਾ ਜਾਂਦਾ ਹੈ।