ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੈ ਜਿਸ ਦੇ ਇਲਾਜ ਲਈ ਉਹ ਅਮਰੀਕਾ ਜਾ ਸਕਦੇ ਹਨ। ਇਹ ਕੈਂਸਰ ਦੀ ਤੀਜੀ ਸਟੇਜ ਦੱਸੀ ਜਾ ਰਹੀ ਹੈ। 61 ਸਾਲਾ ਸੰਜੇ ਦੱਤ ਨੂੰ ਕੁੱਝ ਦਿਨ ਪਹਿਲਾਂ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ। ਬਾਲੀਵੁੱਡ 'ਚ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ ।
ਸੰਜੇ ਦੱਤ ਨੇ ਸੋਸ਼ਲ ਮੀਡੀਆ 'ਤੇ ਵੱਡਾ ਬਿਆਨ ਜਾਰੀ ਕਰਕੇ ਆਪਣੇ ਬ੍ਰੇਕ ਦਾ ਐਲਾਨ ਕੀਤਾ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਘਰ ਪਰਤੇ ਸੰਜੇ ਦੱਤ ਨੇ ਐਲਾਨ ਕੀਤਾ ਕਿ ਸਿਹਤ ਕਾਰਨਾਂ ਕਰਕੇ ਉਹ ਕੁਝ ਸਮੇਂ ਲਈ ਕੰਮ ਤੋਂ ਬ੍ਰੇਕ ਲੈ ਰਹੇ ਹਨ। ਹਾਲਾਂਕਿ, ਉਨ੍ਹਾਂ ਸਾਰਿਆਂ ਨੂੰ ਕਿਸੇ ਕਿਸਮ ਦੀ ਵੀ ਅਫਵਾਹ ਨਾ ਫੈਲਾਉਣ ਦੀ ਬੇਨਤੀ ਵੀ ਕੀਤੀ ਹੈ।
ਸੰਜੇ ਦੱਤ ਨੇ ਸੋਸ਼ਲ ਮੀਡੀਆ ਉੱਤੇ ਆਪਣਾ ਬਿਆਨ ਪੋਸਟ ਕਰਦਿਆਂ ਲਿਖਿਆ, "ਹੈਲੋ ਦੋਸਤੋ, ਮੈਂ ਡਾਕਟਰੀ ਇਲਾਜ ਕਰਕੇ ਆਪਣੇ ਕੰਮ ਤੋਂ ਕੁਝ ਸਮੇਂ ਦੀ ਬ੍ਰੇਕ ਲੈ ਰਿਹਾ ਹਾਂ। ਮੇਰਾ ਪਰਿਵਾਰ ਅਤੇ ਮੇਰੇ ਦੋਸਤ ਮੇਰੇ ਨਾਲ ਹਨ। ਮੈਂ ਆਪਣੇ ਸ਼ੁੱਭਚਿੰਤਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਉਹ ਪਰੇਸ਼ਾਨ ਨਾ ਹੋਣ। ਮੈਂ ਤੁਹਾਡੇ ਪਿਆਰ ਅਤੇ ਦੁਆਵਾਂ ਨਾਲ ਜਲਦੀ ਵਾਪਸ ਆਵਾਂਗਾ।"
ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ 8 ਅਗਸਤ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਦੇ ਕਾਰਨ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ 10 ਅਗਸਤ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਹਸਪਤਾਲ ਦਾਖਲ ਹੋਣ 'ਤੇ ਉਨ੍ਹਾਂ ਦਾ ਕੋਵਿਡ-19 ਟੈਸਟ ਵੀ ਕਰਵਾਇਆ ਗਿਆ ਜੋ ਕਿ ਨੈਗੇਟਿਵ ਆਇਆ।