ਮੁੰਬਈ: ਮਸ਼ਹੂਰ ਡਾਂਸ ਕੋਰੀਓਗ੍ਰਾਫਰ ਸਰੋਜ ਖਾਨ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ, ਜਿਨ੍ਹਾਂ ਨੇ ਬਾਲੀਵੁੱਡ ਦੇ ਕਈ ਗਾਣਿਆਂ ਵਿੱਚ ਆਪਣੀ ਕੋਰੀਓਗ੍ਰਾਫੀ ਨਾਲ ਜਾਨ ਪਾਈ ਹੈ। ਸਭ ਦੀ ਪਸੰਦੀਦਾ 'ਮਾਸਟਰ ਜੀ' ਵਜੋਂ ਕਹਿ ਕੇ ਬੁਲਾਈ ਜਾਣ ਵਾਲੀ ਸਰੋਜ ਖਾਨ ਨੇ ਸ਼ੁੱਕਰਵਾਰ ਸਵੇਰੇ 1.52 ਵਜੇ ਮੁੰਬਈ ਦੇ ਬਾਂਦਰਾ ਦੇ ਗੁਰੂ ਨਾਨਕ ਹਸਪਤਾਲ ਵਿਖੇ 71 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਏ।
22 ਨਵੰਬਰ 1948 ਨੂੰ ਨਿਰਮਲਾ ਨਾਗਪਾਲ ਦੇ ਰੂਪ ਵਿੱਚ ਜਨਮੀਂ ਸਰੋਜ ਖਾਨ ਨੇ ਤਿੰਨ ਸਾਲ ਦੀ ਉਮਰ ਵਿੱਚ ਬਾਲ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਫਿਲਮ 'ਨਜ਼ਰਾਣਾ' 'ਚ ਬਾਲ ਕਲਾਕਾਰ ਸ਼ਾਮਾ ਦਾ ਕਿਰਦਾਰ ਨਿਭਾਇਆ ਸੀ।
50ਵੇਂ ਦਹਾਕੇ ਵਿੱਚ ਉਨ੍ਹਾਂ ਨੇ ਬੈਕਗ੍ਰਾਉਂਡ ਡਾਂਸਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। 1974 ਵਿੱਚ 'ਗੀਤਾ ਮੇਰਾ ਨਾਮ' ਨਾਲ ਸੁਤੰਤਰ ਕੋਰੀਓਗ੍ਰਾਫਰ ਦੇ ਤੌਰ 'ਤੇ ਉਨ੍ਹਾਂ ਨੂੰ ਆਪਣਾ ਪਹਿਲਾ ਬ੍ਰੇਕ ਮਿਲਿਆ।
ਤਿੰਨ ਵਾਰ ਰਾਸ਼ਟਰੀ ਪੁਰਸਕਾਰ ਜੇਤੂ ਸਰੋਜ ਖਾਨ ਨੇ 2000 ਤੋਂ ਵੱਧ ਗਾਣਿਆਂ ਦੀ ਕੋਰੀਓਗ੍ਰਾਫੀ ਕੀਤੀ ਹੈ, ਜਿਸ ਵਿੱਚ ਕਈ ਨਾਮਵਰ ਗਾਣੇ ਸ਼ਾਮਲ ਹਨ। ਇਨ੍ਹਾਂ ਵਿੱਚ 'ਮਿਸਟਰ ਇੰਡੀਆ' ਦਾ 'ਹਵਾ ਹਵਾਈ' (1987), ਤੇਜ਼ਾਬ ਦਾ 'ਏਕ ਦੋ ਤੀਨ"(1988), ਬੇਟਾ ਫ਼ਿਲਮ ਦਾ 'ਧਕ-ਧਕ ਕਰਨੇ ਲਗਾ'(1992) ਅਤੇ ਦੇਵਦਾਸ (2002) ਦਾ 'ਡੋਲਾ ਰੇ ਡੋਲਾ'।