ਮੁੰਬਈ: ਕੋਵਿਡ -19 ਦੇ ਪ੍ਰਕੋਪ ਨੂੰ ਰੋਕਣ ਲਈ ਤਾਲਾਬੰਦੀ ਦੌਰਾਨ ਲੋਕਾਂ ਦੀ ਉਤਸੁਕਤਾ ਅਤੇ ਰੁਝਾਨ ਦੀ ਝਲਕ ਯਾਹੂ ਇੰਡੀਆ ਦੀ ਇੱਕ ਆਨਲਾਈਨ ਸਰਚ ਵਿੱਚ ਸਾਹਮਣੇ ਆਈ ਹੈ।
ਮਹਾਂਮਾਰੀ ਦੇ ਕਾਰਨ ਇਸ ਨਵੇਂ ਵਾਇਰਸ ਸਬੰਧੀ ਸਰਚਾਂ ਵਿੱਚ 427 ਫ਼ੀਸਦੀ ਵਾਧਾ ਹੋਇਆ ਹੈ। ਇੰਟਰਨੈਟ ਉੱਤੇ ਸਭ ਤੋਂ ਜ਼ਿਆਦਾ ਕੋਵਿਡ-19, ਕੋਵਿਡ-19 ਅਪਡੇਟ, ਕੋਵਿਡ-19 ਦੇ ਲੱਛਣ, ਕੋਵਿਡ-19 ਮੌਤਾਂ ਦੀ ਗਿਣਤੀ, ਕੋਵਿਡ-19 ਇਲਾਜ ਅਤੇ ਕੋਵਿਡ-19 ਟਰੈਕਰ ਦੇ ਕੀ-ਵਰਡਸ ਸਰਚ ਕੀਤੇ ਗਏ ਸਨ।
ਲੋਕਾਂ ਨੇ 'ਭਾਰਤ ਵਿੱਚ ਲੌਕਡਾਊਨ', 'ਕੋਰੋਨਾ ਵਾਇਰਸ ਲਈ ਟੀਕਾ' ,'ਸਮਾਜਿਕ ਭੇਦ' ਤੇ 'ਕੋਰੋਨਾ ਵਾਇਰਸ ਲਈ ਹਾਈਡ੍ਰੌਕਸੀਕਲੋਰੋਕਿਨ' ਦੇ ਲਈ ਕਾਫ਼ੀ ਸਰਚ ਕੀਤੀ। ਇਸ ਦੇ ਨਾਲ ਹੀ ਮਲੇਰੀਆ ਦੀ ਦਵਾਈ ਨੂੰ ਇੰਟਰਨੈਟ ਉੱਤੇ ਕਾਫ਼ੀ ਸਰਚ ਕੀਤਾ ਗਿਆ।
ਜੇਕਰ ਪ੍ਰੀ-ਲੌਕਡਾਊਨ ਦੀ ਗੱਲ ਕਰੀਏ ਤਾਂ ਅਦਾਕਾਰਾ ਪ੍ਰਿਅੰਕਾ ਚੋਪੜਾ ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਮਹਿਲਾ ਸੈਲੇਬ੍ਰਿਟੀ ਬਣੀ ਹੈ। ਇਸ ਤੋਂ ਬਾਅਦ ਕੈਟਰੀਨਾ ਕੈਫ਼ ਤੇ ਦੀਪਿਕਾ ਪਾਦੂਕੋਣ ਨੂੰ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ। ਇਹ ਅੰਕੜੇ ਉਦੋਂ ਬਦਲੇ ਜਦ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਲੰਡਨ ਤੋਂ ਪਰਤੀ ਤੇ ਕੋਵਿਡ-19 ਪੌਜ਼ੀਟਿਵ ਪਾਈ ਗਈ। ਬਾਅਦ ਵਿੱਚ ਉਨ੍ਹਾਂ ਨੂੰ ਕੁਆਰੰਟੀਨ ਵਿੱਚ ਨਾ ਰਹਿਣ ਕਾਰਨ ਵੀ ਕਾਫ਼ੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ।
ਲੌਕਡਾਊਨ ਹੋਣ ਤੋਂ ਬਾਅਦ ਸੁਪਰਸਟਾਰ ਅਮਿਤਾਭ ਬੱਚਨ ਤੇ ਰਜਨੀਕਾਂਤ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਪੁਰਸ਼ ਸੈਲੇਬ੍ਰਿਟੀ ਬਣੇ। ਇਸ ਤੋਂ ਇਲਾਵਾ ਘਰ ਬੈਠੇ ਦਰਸ਼ਕਾਂ ਦੇ ਮਨੋਰੰਜਨ ਲਈ ਦੂਰਦਰਸ਼ਨ ਉੱਤੇ ਪ੍ਰਸਾਰਿਤ ਕੀਤਾ ਜਾ ਰਿਹਾ ਰਾਮਾਇਣ ਸਭ ਦਾ ਮਨਪਸੰਦ ਸੀਰੀਅਲ ਬਣ ਕੇ ਸਾਹਮਣੇ ਆਇਆ ਹੈ।