ਮੁੰਬਈ: ਬਿਗ ਬੌਸ ਫ਼ੇਮ ਪਾਇਲ ਰੋਹਤਗੀ 'ਤੇ ਰਾਜਸਥਾਨ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਪਾਇਲ ਨੇ ਕੁਝ ਦਿਨਾਂ ਪਹਿਲਾਂ ਆਪਣੇ ਟਵੀਟਰ ਅਕਾਊਂਟ 'ਤੇ ਇੱਕ ਵਿਵਾਦਿਤ ਵੀਡੀਓ ਸਾਂਝਾ ਕੀਤਾ ਸੀ ਜਿਸ ਵਿੱਚ ਉਨ੍ਹਾਂ ਨਹਿਰੂ ਪਰਿਵਾਰ ਬਾਰੇ ਅਪਸ਼ਬਦ ਬੋਲੇ ਸਨ।
ਦੱਸ ਦਈਏ ਕਿ ਪਾਇਲ ਰੋਹਤਗੀ ਨੇ ਆਪਣੇ ਟਵੀਟਰ ਅਕਾਊਂਟ 'ਤੇ ਲਿਖਿਆ, "ਮੈਨੂੰ ਰਾਜਸਥਾਨ ਪੁਲਿਸ ਨੇ ਮੋਤੀਲਾਲ ਨੇਹਰੂ 'ਤੇ ਇੱਕ ਵੀਡੀਓ ਸਾਂਝੀ ਕਰਨ ਦੇ ਲਈ ਗ੍ਰਿਫ਼ਤਾਰ ਕੀਤਾ ਹੈ। ਜਿਸ ਨੂੰ ਮੈਂ ਗੂਗਲ ਤੋਂ ਜਾਣਕਾਰੀ ਲੈਕੇ ਬਣਾਇਆ ਸੀ। ਬੋਲਣ ਦੀ ਅਜ਼ਾਦੀ ਇੱਕ ਮਜ਼ਾਕ ਹੈ।"
ਐਸਪੀ ਮਮਤਾ ਗੁਪਤਾ ਨੇ ਕਿਹਾ, ‘ਪਾਇਲ ਰੋਹਤਗੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸਨੂੰ ਸੋਮਵਾਰ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦੇ ਰਾਜਿਸਥਾਨ ਪੁਲਿਸ ਨੇ ਕਿਹਾ ਕਿ ਰਾਜਸਥਾਨ ਯੂਥ ਕਾਂਗਰਸ ਦੇ ਜਨਰਲ ਸਕੱਤਰ ਚਾਰਮੇਸ਼ ਸ਼ਰਮਾ ਨੇ ਪਾਇਲ ਰੋਹਤਗੀ 'ਤੇ 1 ਸਤੰਬਰ ਨੂੰ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਬਾਰੇ ਫੇਸਬੁੱਕ' ਤੇ ਇਤਰਾਜ਼ਯੋਗ ਵੀਡੀਓ ਪੋਸਟ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਸੀ। ਉਸਨੇ ਅੱਗੇ ਕਿਹਾ, "ਜਾਂਚ ਵੇਲੇ ਸਾਡੀ ਟੀਮ ਮੁੰਬਈ ਸਥਿਤ ਅਦਾਕਾਰਾ ਦੀ ਰਿਹਾਇਸ਼ 'ਤੇ ਪਹੁੰਚੀ ਬਾਅਦ ਵਿਚ ਉਹ ਰੋਹਤਗੀ ਦੇ ਜੱਦੀ ਘਰ ਗੁਜਰਾਤ ਵਿੱਖੇ ਗਈ।"
ਪੁਲਿਸ ਨੇ ਪਾਇਲ ਰੋਹਤਗੀ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ ਅਤੇ ਉਸ 'ਤੇ ਮਾਮਲਾ ਦਰਜ ਕਰ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਾਇਲ ਰੋਹਤਗੀ ਦੇ ਖ਼ਿਲਾਫ਼ ਆਈਟੀ ਐਕਟ ਦੀ ਧਾਰਾ 66 ਅਤੇ 67 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਰੋਹਤਗੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕਰਕੇ ਇਸ ਮਾਮਲੇ 'ਤੇ ਮੁਆਫੀ ਵੀ ਮੰਗੀ ਸੀ।