ਮੁੰਬਈ: ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਭਰ ਵਿੱਚ 3 ਮਈ ਤੱਕ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਗਰੀਬ ਤੇ ਮਜ਼ਦੂਰ ਲੋਕ ਕਾਫ਼ੀ ਪ੍ਰਭਾਵਿਤ ਹੋਏ ਹਨ। ਇਨ੍ਹਾਂ ਗਰੀਬਾਂ ਦੀ ਮਦਦ ਕਰਨ ਲਈ ਬਾਲੀਵੁੱਡ ਸਿਤਾਰੇ ਕਦੇ ਦਾਨ ਦੇਕੇ ਤੇ ਕਦੇ ਖਾਣ-ਪੀਣ ਦਾ ਸਮਾਨ ਦੇ ਕੇ ਸਰਕਾਰ ਤੇ ਇਨ੍ਹਾਂ ਗਰੀਬਾਂ ਦੀ ਮਦਦ ਕਰ ਰਹੇ ਹਨ।
ਅਦਾਕਾਰ ਪ੍ਰਕਾਸ਼ ਰਾਜ ਵੀ ਲਗਾਤਾਰ ਆਪਣੀ ਫਾਊਂਡੇਸ਼ਨ ਰਾਹੀਂ ਗਰੀਬਾਂ ਦੀ ਮਦਦ ਕਰ ਰਹੇ ਹਨ। ਪਰ ਹਾਲ ਹੀ ਵਿੱਚ ਪ੍ਰਕਾਸ਼ ਰਾਜ ਨੇ ਇੱਕ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ਉੱਤੇ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ।
ਪ੍ਰਕਾਸ਼ ਨੇ ਟਵੀਟ ਕਰਦੇ ਹੋਏ ਆਪਣੀ ਆਰਥਿਕ ਹਾਲਤ ਬਾਰੇ ਵਿੱਚ ਲਿਖਿਆ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਲਿਖਿਆ, "ਮੇਰੀ ਵਿੱਤੀ ਸਥਿਤੀ ਘੱਟਦੀ ਜਾ ਰਹੀ ਹੈ। ਪਰ ਅਸੀਂ ਲੋਨ ਲਵਾਂਗੇ ਤੇ ਲੋਕਾਂ ਦੀ ਮਦਦ ਕਰਾਂਗੇ। ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਫਿਰ ਤੋਂ ਕਮਾ ਸਕਦਾ ਹਾਂ। ਜੇ ਇਨਸਾਨੀਅਤ ਇਸ ਮੁਸ਼ਕਲ ਸਮੇਂ ਵਿੱਚ ਜ਼ਿੰਦਾ ਹੈ ਤਾਂ ਚਲੋਂ ਇੱਕ-ਜੁੱਟ ਹੋ ਕੇ ਇਸ ਨਾਲ ਲੜਦੇ ਹਾਂ। ਵਾਪਸ ਜ਼ਿੰਦਗੀ ਵੱਲ ਆਉਂਦੇ ਹਾਂ।"
ਪ੍ਰਕਾਸ਼ ਰਾਜ ਦੇ ਇਸ ਟਵੀਟ ਉੱਤੇ ਲੋਕ ਕਾਫ਼ੀ ਕੁਮੈਂਟ ਕਰ ਰਹੇ ਹਨ ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਦੱਸ ਦੇਈਏ ਕਿ ਪ੍ਰਕਾਸ਼ ਰਾਜ ਲਗਾਤਾਰ ਮਜ਼ਦੂਰਾਂ ਤੇ ਬੇਘਰ ਲੋਕਾਂ ਨੂੰ ਖਾਣਾ ਖਵਾ ਕੇ ਉਨ੍ਹਾਂ ਦੀ ਮਦਦ ਕਰ ਰਹੇ ਹਨ।