ਮੁੰਬਈ: ਕੋਰੋਨਾ ਵਾਇਰਸ ਦੇ ਕਾਰਨ ਦੇਸ਼ਭਰ 'ਚ ਲੰਬੇ ਸਮੇਂ ਤੋਂ ਸਾਰੇ ਸਿਨੇਮਾ ਘਰ ਬੰਦ ਪਏ ਹੋਏ ਹਨ। ਪਰ ਹੁਣ ਨਵੇਂ ਨਿਯਮਾਂ ਨਾਲ ਸਭ ਕੁਝ ਮੁੜ ਸ਼ੁਰੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਬਹੁਤ ਸਾਰੀਆਂ ਫਿਲਮਾਂ ਹਨ, ਜਿਨ੍ਹਾਂ ਨੂੰ ਰਿਲੀਜ਼ ਕਰਨ ਲਈ ਨਿਰਮਾਤਾ ਥੀਏਟਰ ਖੋਲ੍ਹਣ ਦੀ ਉਡੀਕ ਕਰ ਰਹੇ ਹਨ।
ਉੱਥੇ ਹੀ ਕੁਝ ਫਿਲਮਾਂ ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਹਾਲਾਂਕਿ ਹੁਣ ਕੇਂਦਰ ਸਰਕਾਰ ਨੇ ਅਨਲੌਕ 5 ਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਸਿਨੇਮਾਘਰਾਂ, ਥੀਏਟਰ ਤੇ ਮਲਟੀਪਲੈਕਸਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ।
ਅਜਿਹੇ 'ਚ ਕੁਝ ਫਿਲਮਾਂ ਨੂੰ ਮੁੜ ਰਿਲੀਜ਼ ਕੀਤੇ ਜਾਣ ਦੀ ਵੀ ਤਿਆਰੀ ਹੈ। ਜਿਨ੍ਹਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਵੀ ਸ਼ਾਮਲ ਹੈ।
ਖਬਰਾਂ ਮੁਤਾਬਕ ਇਸ ਬਾਇਓਪਿਕ ਨੂੰ ਪੂਰੇ ਭਾਰਤ ਵਿੱਚ ਮੁੜ ਰਿਲੀਜ਼ ਕੀਤੇ ਜਾਣ ਦੀ ਤਿਆਰੀ ਹੋ ਰਹੀ ਹੈ। ਵਿਵੇਕ ਓਬਰਾਏ ਦੀ ਮੁੱਖ ਭੂਮਿਕਾ ਵਾਲੀ ਇਹ ਫਿਲਮ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ’ ਪਹਿਲਾਂ 24 ਮਈ 2019 ਨੂੰ ਰਿਲੀਜ਼ ਕੀਤੀ ਗਈ ਸੀ। ਉਸ ਸਾਲ ਦੇਸ਼ 'ਚ ਚੌਣਾਂ ਸੀ, ਜਿਸ ਕਾਰਨ ਇਸ ਦੀ ਰਿਲੀਜ਼ 'ਤੇ ਕਾਫੀ ਵਿਵਾਦ ਵੀ ਹੋਇਆ ਸੀ ਤੇ ਫਿਲਮ ਸਿਨੇਮਾਘਰਾਂ 'ਚ ਕੋਈ ਖ਼ਾਸ ਕਮਾਈ ਨਹੀਂ ਕਰ ਸਕੀ ਸੀ।
ਫਿਲਮ 'ਚ ਪੀਐਮ ਮੋਦੀ ਦੀ ਰੈਲੀ ਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲੇ ਦੇ ਸਫ਼ਰ 'ਤੇ ਫੋਕਸ ਕੀਤਾ ਗਿਆ ਹੈ। ਫਿਲਮ ਦਾ ਪਹਿਲਾ ਹਿੱਸਾ ਨਰਿੰਦਰ ਮੋਦੀ ਦੇ ਸੰਘਰਸ਼ ਨੂੰ ਦਰਸਾਉਂਦਾ ਹੈ। ਫਿਲਮ ਵਿੱਚ ਸੁਰੇਸ਼ ਓਬਰਾਏ ਇੱਕ ਸੰਤ ਦਾ ਕਿਰਦਾਰ ਨਿਭਾ ਰਹੇ ਹਨ। ਇਹ ਕਿਰਦਾਰ ਕਾਲਪਨਿਕ ਹੈ ਪਰ ਫਿਲਮ ਵਿੱਚ ਬਹੁਤ ਮਹੱਤਵਪੂਰਨ ਹੈ।
ਇਸ ਸਬੰਧ ਵਿੱਚ ਫਿਲਮ ਦੇ ਨਿਰਮਾਤਾ ਸੰਦੀਪ ਸਿੰਘ ਨੇ ਕਿਹਾ ਕਿ ਇਹ ਪੱਕਾ ਨਹੀਂ ਹੈ ਕਿ ਕਿੰਨੇ ਲੋਕ ਫਿਲਮ ਦੇਖਣ ਆਉਣਗੇ ਪਰ ਸਾਨੂੰ ਅੱਗੇ ਵਧਣਾ ਪਏਗਾ।