ਨਵੀਂ ਦਿੱਲੀ: ਫ਼ਿਲਮ 'ਰਈਸ' 'ਚ ਸ਼ਾਹਰੁਖ਼ ਖ਼ਾਨ ਨਾਲ ਕੰਮ ਕਰ ਚੁੱਕੀ ਪਾਕਿਸਤਾਨੀ ਅਦਾਕਾਰਾ ਮਾਹਿਰਾ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਇਕ ਟਵੀਟ ਕੀਤਾ ਹੈ ਜਿਸ ਵਿਚ ਉਸਨੇ ਭਾਰਤ ਨਾਲ ਜੰਗ ਕਰਨ ਨੂੰ ਸਭ ਤੋਂ ਵੱਡੀ ਮੂਰਖ਼ਤਾ ਦੱਸਿਆ ਹੈ। ਮਾਹਿਰਾ ਖ਼ਾਨ ਨੇ ਕਿਹਾ ਕਿ ਸਮਝਦਾਰ ਬਣੋ। ਉਸਨੇ ਪਾਕਿਸਤਾਨ ਦੀ ਜਨਤਾ ਅਤੇ ਸਰਕਾਰ ਨੂੰ ਨਸੀਹਤ ਦਿੱਤੀ ਹੈ।
ਮਾਹਿਰਾ ਦੇ ਇਸ ਟਵੀਟ 'ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜ਼ੁਲਫ਼ਿਕਾਰ ਅਲੀ ਭੁੱਟੋ ਦੀ ਪੋਤੀ ਫ਼ਾਤਿਮਾ ਭੁੱਟੋ ਨੇ ਵੀ ਕਮੈਂਟ ਕੀਤਾ ਹੈ। ਫ਼ਾਤਿਮਾ ਭੁੱਟੋ ਨੇ ਟਵੀਟ 'ਚ ਲਿਖਿਆ, 'ਇਸ ਤੋਂ ਬੁਰਾ ਕੁਝ ਨਹੀਂ ਹੋ ਸਕਦਾ ਕਿ ਲੋਕ ਜੰਗ ਲਈ ਕਾਹਲੇ ਪੈ ਜਾਣ।'
ਮਾਹਿਰਾ ਖ਼ਾਨ ਤੋਂ ਇਲਾਵਾ ਫ਼ਿਲਮ 'ਸਨਮ ਤੇਰੀ ਕਸਮ' 'ਚ ਕੰਮ ਕਰ ਚੁੱਕੀ ਪਾਕਿਸਤਾਨੀ ਅਦਾਕਾਰਾ ਮਾਵਰਾ ਹੋਕੇਨ ਨੇ ਟਵੀਟ ਕੀਤਾ ਹੈ ਕਿ ਜੰਗ 'ਚ ਕੋਈ ਵੀ ਜੇਤੂ ਨਹੀਂ ਹੁੰਦਾ। ਇਹ ਸਮਾਂ ਇਨਸਾਨੀਅਤ ਨੂੰ ਸਮਝਣ ਦਾ ਹੁੰਦਾ ਹੈ। ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਉਠਾਉਣੀ ਚਾਹੀਦੀ ਹੈ। ਹਰ ਗੱਲ ਨੂੰ ਸਹੀ ਤਰੀਕੇ ਨਾਲ ਰੱਖਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਕਲਾਕਾਰਾਂ 'ਤੇ ਵੀ ਬੈਨ ਲਗਾ ਦਿੱਤਾ ਗਿਆ ਹੈ। ਬਾਲੀਵੁੱਡ ਕਲਾਕਾਰਾਂ ਦੀਆਂ ਫ਼ਿਲਮਾਂ ਪਾਕਿਸਤਾਨ 'ਚ ਰਿਲੀਜ਼ ਹੋਣ 'ਤੇ ਰੋਕ ਲੱਗ ਗਈ ਹੈ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਨੇ ਇਕ ਵੱਡਾ ਹਮਲਾ ਕਰਦੇ ਹੋਏ ਪਾਕਿਸਤਾਨ ਦੇ ਕਈ ਅੱਤਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਹੈ ਜਿਸ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਦਾ ਮਾਹੌਲ ਹੈ।