ਨਵੀਂ ਦਿੱਲੀ: ਦਿੱਲੀ ਵਿਧਾਨਸਭਾ ਚੋਣਾਂ ਦਾ ਮਤਦਾਨ ਹੋ ਚੁੱਕਾ ਹੈ। ਦਿੱਲੀ ਦੀ ਜਨਤਾ 70 ਵਿਧਾਨਸਭਾ ਸੀਟਾਂ ਦੇ 672 ਉਮੀਦਵਾਰਾਂ ਨੂੰ ਆਪਣਾ ਵੋਟ ਦੇ ਚੁੱਕੇ ਹਨ। ਦਿੱਲੀ ਵਿਧਾਨਸਭਾ ਚੋਣਾਂ ਦੇ ਤਹਿਤ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਵੀ ਆਪਣੇ ਪਰਿਵਾਰ ਨਾਲ ਵੋਟ ਪਾਉਣ ਪੁੱਜੀ। ਮਤਦਾਨ ਤੋਂ ਬਾਅਦ ਤਾਪਸੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਰਿਵਾਰ ਨਾਲ ਫ਼ੋਟੋ ਸਾਂਝੀ ਕੀਤੀ। ਤਾਪਸੀ ਨੇ ਇਸ ਫ਼ੋਟੋ ਨੂੰ ਸਾਂਝਾ ਕਰਦੇ ਹੋਏ ਲਿਖਿਆ,"ਪੰਨੂ ਪਰਿਵਾਰ ਨੇ ਵੋਟ ਪਾ ਦਿੱਤੀ ਹੈ, ਕੀ ਤੁਸੀਂ ਪਾਈ ?"
ਇਸ ਪੋਸਟ ਨੂੰ ਲੈਕੇ ਵੱਖ-ਵੱਖ ਪ੍ਰਤੀਕਿਰਆਵਾਂ ਸਾਹਮਣੇ ਆ ਰਹੀਆਂ ਹਨ। ਇੱਕ ਯੂਜ਼ਰ ਨੇ ਇਸ ਪੋਸਟ 'ਤੇ ਟਿੱਪਣੀ ਕਰਦੇ ਹੋਏ ਲਿਖਿਆ, " ਮੁੰਬਈ 'ਚ ਰਹਿਣ ਵਾਲੇ ਲੋਕ ਸਾਡੇ ਲਈ ਫ਼ੈਸਲਾ ਕਿਉਂ ਕਰ ਰਹੇ ਹਨ। ਤਾਪਸੀ ਨੂੰ ਦਿੱਲੀ ਤੋਂ ਮੁੰਬਈ ਸ਼ਿਫਟ ਹੋਏ ਕਾਫ਼ੀ ਸਮਾਂ ਹੋ ਗਿਆ ਹੈ। ਉਹ ਆਪਣਾ ਵੋਟ ਵੀ ਸ਼ਿਫ਼ਟ ਕਰਵਾ ਲੈਣ।"
ਇਸ ਟਵੀਟ ਤੋਂ ਬਾਅਦ ਤਾਪਸੀ ਨੇ ਯੂਜ਼ਰ ਨੂੰ ਜਵਾਬ ਦਿੰਦੇ ਹੋਏ ਲਿਖਿਆ, "ਮੈਂ ਜਿਨ੍ਹਾਂ ਸਮਾਂ ਮੁੰਬਈ 'ਚ ਰਹਿ ਰਹੀ ਹਾਂ ਉਨ੍ਹਾਂ ਹੀ ਸਮਾਂ ਦਿੱਲੀ 'ਚ ਵੀ ਰਹਿ ਰਹੀ ਹਾਂ। ਮੇਰਾ ਇਨਕਮ ਟੈਕਸ ਦਿੱਲੀ ਦੇ ਜ਼ਰੀਏ ਜਮਾਂ ਹੁੰਦਾ ਹੈ। ਮੈਂ ਉਨ੍ਹਾਂ ਨਾਲੋਂ ਜ਼ਿਆਦਾ ਦਿੱਲੀ ਵਾਲੀ ਹਾਂ ,ਜੋ ਇੱਥੇ ਨਾ ਰਹਿ ਕੇ ਵੀ ਆਪਣਾ ਯੋਗਦਾਨ ਦੇ ਰਹੀ ਹਾਂ। "
ਤਾਪਸੀ ਪੰਨੂ ਤੋਂ ਇਲਾਵਾ ਦਿੱਲੀ ਵਿਧਾਨ ਸਭਾ ਚੋਣਾਂ 'ਚ ਅਦਾਕਾਰਾ ਸਵਰਾ ਭਾਸਕਰ ਨੇ ਵੀ ਮਤਦਾਨ ਕੀਤਾ। ਹਰ ਸਮਾਜਿਕ ਮੁੱਦੇ 'ਤੇ ਬੈਬਾਕੀ ਦੇ ਨਾਲ ਬੋਲਣ ਵਾਲੀ ਅਦਾਕਾਰਾ ਸਵਰਾ ਭਾਸਕਰ ਨੇ ਪੋਲਿੰਗ ਬੂਥ ਤੋਂ ਆਪਣੀ ਤਸਵੀਰ ਸਾਂਝੀ ਕੀਤੀ।ਤਸਵੀਰ ਨੂੰ ਸਾਂਝਾ ਕਰਦੇ ਹੋਏ ਸਵਰਾ ਭਾਸਕਰ ਨੇ ਲਿਖਿਆ, "ਮੇਰਾ ਵੋਟ ਦੇਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ, ਕੀ ਤੁਸੀਂ ਵੋਟ ਕੀਤਾ ?"
ਜ਼ਿਕਰਯੋਗ ਹੈ ਕਿ ਸਵਰਾ ਭਾਸਕਰ ਬਾਲੀਵੁੱਡ ਦੀਆਂ ਉਨ੍ਹਾਂ ਹਸਤੀਆਂ ਵਿੱਚੋਂ ਇੱਕ ਹੈ ਜੋ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਦਾ ਲਗਾਤਾਰ ਵਿਰੋਧ ਕਰ ਰਹੀ ਹੈ।