ਮੁੰਬਈ: ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਦੀ ਪਤਨੀ ਆਲੀਆ ਸਿਦੀਕੀ ਨੇ ਤਲਾਕ ਲੈਣ ਦੀ ਮੰਗ ਕੀਤੀ ਹੈ। ਆਲੀਆ ਨੇ ਅਦਾਕਾਰ ਨੂੰ ਨੋਟਿਸ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਨਵਾਜ਼ੂਦੀਨ 'ਤੇ ਕਈ ਗੰਭੀਰ ਦੋਸ਼ ਲਗਾਏ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਆਲੀਆ ਦੇ ਵਕੀਲ ਨੇ ਦੱਸਿਆ ਕਿ ਨਵਾਜ਼ੂਦੀਨ ਸਿਦੀਕੀ ਨੂੰ ਵਟਸਐਪ ਅਤੇ ਈਮੇਲ ਰਾਹੀਂ ਨੋਟਿਸ ਭੇਜਿਆ ਗਿਆ ਹੈ, ਜਿਸ 'ਤੇ ਉਨ੍ਹਾਂ ਨੇ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਵਕੀਲ ਨੇ ਕਿਹਾ, "ਇਹ ਸੱਚ ਹੈ ਕਿ ਅਸੀਂ ਨਵਾਜ਼ੂਦੀਨ ਸਿਦੀਕੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। 7 ਮਈ ਨੂੰ ਆਲੀਆ ਸਿਦੀਕੀ ਦੇ ਹੱਕ ਵਿੱਚ ਨੋਟਿਸ ਭੇਜਿਆ ਗਿਆ ਹੈ। ਕੋਵਿਡ -19 ਕਾਰਨ ਸਪੀਡ ਪੋਸਟ ਤੋਂ ਨੋਟਿਸ ਨਹੀਂ ਭੇਜਿਆ ਜਾ ਸਕਿਆ।
ਇਸ ਲਈ ਇਹ ਨੋਟਿਸ ਵਟਸਐਪ ਅਤੇ ਈਮੇਲਾਂ 'ਤੇ ਭੇਜਿਆ ਗਿਆ ਹੈ, ਹਾਲਾਂਕਿ ਹਾਲੇ ਤੱਕ ਨਵਾਜ਼ੂਦੀਨ ਸਿਦੀਕੀ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਮੈਨੂੰ ਲਗਦਾ ਹੈ ਕਿ ਉਹ ਇਸ 'ਤੇ ਚੁੱਪ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਨਾਲ ਹੀ ਇਸ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
ਨੋਟਿਸ 'ਚ ਰੱਖ-ਰਖਾਅ ਅਤੇ ਤਲਾਕ ਲੈਣ ਦੀ ਮੰਗ ਕੀਤੀ ਗਈ ਹੈ। ਅਸੀਂ ਇਸ ਬਾਰੇ ਜਾਣਕਾਰੀ ਨਹੀਂ ਦੇ ਸਕਾਂਗੇ ਕਿ ਨੋਟਿਸ 'ਚ ਕੀ-ਕੀ ਲਿਖਿਆ ਹੈ ਅਤੇ ਕਿਹੜੇ ਦੋਸ਼ ਲਗਾਏ ਗਏ ਹਨ। ਹਾਂ, ਇਹ ਨਿਸ਼ਚਤ ਹੈ ਕਿ ਉਨ੍ਹਾਂ 'ਤੇ ਕਾਫ਼ੀ ਗੰਭੀਰ ਦੋਸ਼ ਲਗਾਏ ਗਏ ਹਨ। ਇਹ ਨਵਾਜ਼ੂਦੀਨ ਸਿੱਦੀਕੀ ਦੇ ਪਰਿਵਾਰ ਲਈ ਕਾਫ਼ੀ ਸੰਵੇਦਨਸ਼ੀਲ ਹੋ ਸਕਦਾ ਹੈ।"
ਆਲੀਆ ਦਾ ਕਹਿਣਾ ਹੈ, "ਵਿਆਹ ਤੋਂ ਇਕ ਸਾਲ ਬਾਅਦ ਹੀ ਸਾਡੇ ਵਿਚਕਾਰ ਕਾਫ਼ੀ ਸਮੱਸਿਆਵਾਂ ਸ਼ੁਰੂ ਹੋ ਗਈਆਂ ਸਨ। ਮੈਂ ਉਦੋਂ ਤੋਂ ਹੀ ਸਭ ਕੁਝ ਸੰਭਾਲ ਰਹੀ ਸੀ ਪਰ ਹੁਣ ਇਨ੍ਹਾਂ ਨੂੰ ਸਹਿਣਾ ਮੁਸ਼ਕਲ ਹੋ ਗਿਆ ਸੀ।"
ਦੱਸ ਦਈਏ ਕਿ ਨਵਾਜ਼ੂਦੀਨ ਅਤੇ ਆਲੀਆ ਲਗਭਗ 10 ਸਾਲਾਂ ਤੋਂ ਇਕੱਠੇ ਰਹੇ ਹਨ। ਉਨ੍ਹਾਂ ਦੇ 2 ਬੱਚੇ ਵੀ ਹਨ। ਖ਼ਬਰਾਂ ਅਨੁਸਾਰ ਸਾਲ 2017 ਤੋਂ ਦੋਵਾਂ ਵਿਚਾਲੇ ਚੀਜ਼ਾਂ ਠੀਕ ਨਹੀਂ ਚੱਲ ਰਹੀਆਂ ਸਨ। ਇਸ ਦੌਰਾਨ ਜਦੋਂ ਤਲਾਕ ਦੀ ਗੱਲ ਆਈ ਤਾਂ ਦੋਹਾਂ ਨੇ ਇਸ ਨੂੰ ਅਫਵਾਹ ਦੱਸਿਆ ਸੀ।