ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ ਨੇ ਸੋਮਵਾਰ ਨੂੰ ਦੇਸ਼ ਭਰ ਵਿੱਚ 5G ਵਾਇਰਲੈਸ ਨੈਟਵਰਕ ਲਗਾਉਣ ਦੇ ਖਿਲਾਫ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ। ਅਦਾਕਾਰਾ ਨੇ ਦਾਅਵਾ ਕੀਤਾ ਹੈ ਕਿ 5G ਵਾਇਰਲੈਸ ਨੈਟਵਰਕ ਦਾ ਨਾਗਰਿਕਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪਵੇਗਾ।
ਹਾਈ ਕੋਰਟ ਨੇ 5G ਵਾਇਰਲੈੱਸ ਨੈਟਵਰਕ ਨੂੰ ਲਾਗੂ ਕਰਨ ਖਿਲਾਫ ਅਦਾਕਾਰਾ ਜੂਹੀ ਚਾਵਲਾ ਵੱਲੋਂ ਦਾਖਲ ਪਟੀਸ਼ਨ ਨੂੰ ਇਕ ਹੋਰ ਬੈਂਚ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਮਾਮਲੇ ਦੀ ਸੁਣਵਾਈ 2 ਜੂਨ ਨੂੰ ਹੋਵੇਗੀ।
ਇਹ ਕੇਸ ਜਸਟਿਸ ਸੀ ਹਰੀਸ਼ੰਕਰ ਕੋਲ ਸੁਣਵਾਈ ਲਈ ਆਇਆ, ਜਿਨ੍ਹਾਂ ਨੇ 2 ਜੂਨ ਨੂੰ ਕੇਸ ਦੀ ਸੁਣਵਾਈ ਲਈ ਇੱਕ ਹੋਰ ਬੈਂਚ ਨੂੰ ਤਬਦੀਲ ਕਰ ਦਿੱਤਾ। ਜੂਹੀ ਚਾਵਲਾ ਨੇ ਪਟੀਸ਼ਨ 'ਚ ਕਿਹਾ ਕਿ ਜੇਕਰ ਦੂਰ ਸੰਚਾਰ ਉਦਯੋਗ ਦੀਆਂ ਯੋਜਨਾਵਾਂ ਪੂਰੀਆਂ ਹੁੰਦੀਆਂ ਹਨ ਤਾਂ ਧਰਤੀ 'ਤੇ ਕੋਈ ਵੀ ਵਿਅਕਤੀ, ਕੋਈ ਜਾਨਵਰ, ਕੋਈ ਪੰਛੀ, ਤੇ ਕੋਈ ਵੀ ਬੂਟਾ ਇਸ ਦੇ ਪ੍ਰਭਾਵਾਂ ਤੋਂ ਨਹੀਂ ਬੱਚ ਸਕੇਗਾ।