ਮੁੰਬਈ: ਫ਼ਿਲਮ ਪੰਗਾ ਦੇ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਫ਼ਿਲਮ ਦਾ ਟਾਇਟਲ ਟ੍ਰੈਕ ਵੀ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਾ ਹੈ। ਨਿਰਦੇਸ਼ਕ ਅਸ਼ਵਿਨੀ ਅਈਯਰ ਤਿਵਾਰੀ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ 'ਚ ਕੰਗਨਾ ਰਣੌਤ, ਜੱਸੀ ਗਿੱਲ, ਰਿੱਚਾ ਚੱਡਾ ਅਤੇ ਨੀਨਾ ਗੁਪਤਾ ਮੁੱਖ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦਾ ਟਾਇਟਲ ਟ੍ਰੈਕ ਪੰਗਾ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ। ਇਸ ਗੀਤ ਨੂੰ ਅਸ਼ਵਿਨੀ ਅਈਯਰ ਤਿਵਾਰੀ ਨੇ ਆਪਣੇ ਟਵੀਟਰ ਅਕਾਊਂਟ 'ਤੇ ਸਾਂਝਾ ਕੀਤਾ ਹੈ।
ਉਨ੍ਹਾਂ ਨੇ ਟਵੀਟ ਕਰ ਲਿਖਿਆ, "ਆਪਣੇ ਸੁਪਨਿਆਂ ਲਈ ਜ਼ੋਰ ਨਾਲ ਬੋਲੋ ਲੇ ਪੰਗਾ।"
ਗੀਤ ਵਿੱਚ ਜੈਆ ਦਾ ਕਿਰਦਾਰ ਨਿਭਾ ਰਹੀ ਕੰਗਨਾ ਦਾ ਸੰਘਰਸ਼ ਵਿਖਾਇਆ ਗਿਆ ਹੈ। ਜੈਆ ਦੇ ਪਤੀ ਦਾ ਕਿਰਦਾਰ ਨਿਭਾ ਰਹੇ ਜੱਸੀ ਗਿੱਲ ਦੀ ਵੀ ਮਿਹਨਤ ਗੀਤ ਵਿੱਚ ਵਿਖਾਈ ਗਈ ਹੈ। ਕਿਸ ਤਰ੍ਹਾਂ ਜੱਸੀ ਆਪਣੀ ਪਤਨੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਮਿਹਨਤ ਕਰਦਾ ਹੈ, ਘਰ ਅਤੇ ਬੱਚਾ ਸੰਭਾਲਦਾ ਹੈ। ਇਸ ਗੀਤ ਨੂੰ ਵੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹਰ ਕਾਮਯਾਬ ਔਰਤ ਦੇ ਪਿੱਛੇ ਇੱਕ ਮਰਦ ਦਾ ਵੀ ਰੋਲ ਹੁੰਦਾ ਹੈ।
ਇਸ ਗੀਤ ਨੂੰ ਅਵਾਜ਼ ਹਰਸ਼ਦੀਪ ਕੌਰ, ਦਿਵਿਆ ਕੁਮਾਰ ਅਤੇ ਸਿਧਾਰਥ ਮਹਾਦੇਵਨ ਨੇ ਦਿੱਤੀ ਹੈ। ਗੀਤ ਨੂੰ ਕੰਪੋਜ਼ ਸ਼ੰਕਰ-ਅਹਿਸਾਨ-ਲੋਏ ਨੇ ਕੀਤਾ ਹੈ ਅਤੇ ਇਸ ਦੇ ਬੋਲ ਜਾਵੇਦ ਅਖ਼ਤਰ ਵੱਲੋਂ ਤਿਆਰ ਕੀਤੇ ਗਏੇ ਹਨ। ਫ਼ਿਲਮ ਪੰਗਾ 24 ਜਨਵਰੀ, 2020 ਨੂੰ ਰਿਲੀਜ਼ ਹੋ ਰਹੀ ਹੈ।