ਮੁੰਬਈ: ਨਿਤੇਸ਼ ਤਿਵਾਰੀ ਦੇ ਨਿਰਦੇਸ਼ਨ 'ਚ ਬਣੀ ਮਲਟੀਸਟਾਰਰ ਫ਼ਿਲਮ ਛਿਛੋਰੇ ਨੂੰ ਬਾਕਸ ਆਫ਼ਿਸ 'ਤੇ ਤਕਰੀਬਨ 1 ਮਹੀਨਾ ਹੋ ਚੁੱਕਿਆ ਹੈ। ਇਹ ਫ਼ਿਲਮ 6 ਸਤੰਬਰ ਨੂੰ ਰਿਲੀਜ਼ ਹੋਈ ਸੀ ਅਤੇ 6 ਅਕਤੂਬਰ ਨੂੰ ਸਕ੍ਰੀਨ 'ਤੇ ਆਪਣਾ 1 ਮਹੀਨਾ ਪੂਰਾ ਕਰ ਚੁੱਕੀ ਹੈ। ਕਮਾਲ ਦੀ ਗੱਲ ਇਹ ਹੈ ਕਿ ਫ਼ਿਲਮ ਦਾ ਬਾਕਸ ਆਫ਼ਿਸ 'ਤੇ ਜਾਦੂ ਅਜੇ ਵੀ ਕਾਇਮ ਹੈ। 50 ਕਰੋੜ ਦੇ ਬਜਟ 'ਚ ਬਣੀ ਇਹ ਫ਼ਿਲਮ ਭਾਰਤੀ ਬਾਕਸ ਆਫ਼ਿਸ 'ਤੇ ਹੁਣ ਤੱਕ 150 ਕਰੋੜ ਤੋਂ ਜ਼ਿਆਦਾ ਕਮਾਈ ਕਰ ਚੁੱਕੀ ਹੈ।
ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਫ਼ਿਲਮ ਦੀ ਕਮਾਈ ਦੇ ਅੰਕੜੇ ਜਾਰੀ ਕੀਤੇ ਹਨ। ਫ਼ਿਲਮ ਨੇ ਰਿਲੀਜ਼ ਤੋਂ ਬਾਅਦ ਪੰਜਵੇਂ ਦਿਨ ਹੀ 50 ਕਰੋੜ ਰੁਪਏ ਦਾ ਅੰਕੜਾ ਛੂ ਲਿਆ ਸੀ ਅਤੇ 9 ਵੇਂ ਦਿਨ ਇਸ ਦਾ ਗ੍ਰਾਫ 75 ਕਰੋੜ ਸੀ। 12 ਵੇਂ ਦਿਨ ਫ਼ਿਲਮ ਨੇ 100 ਕਰੋੜ ਰੁਪਏ ਕਮਾ ਲਏ ਸਨ ਅਤੇ 17 ਵੇਂ ਦਿਨ ਇਹ 125 ਕਰੋੜ ਦੇ ਕਲੱਬ 'ਚ ਸ਼ਾਮਿਲ ਹੋ ਚੁੱਕੀ ਸੀ। ਰਿਲੀਜ਼ ਦੇ 31 ਵੇਂ ਦਿਨ ਫ਼ਿਲਮ ਦਾ ਬਿਜ਼ਨਸ 150 ਕਰੋੜ ਰੁਪਏ ਤੋਂ ਜ਼ਿਆਦਾ ਹੋ ਚੁੱਕਾ ਹੈ। ਇਸ ਫ਼ਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਲੀਡ ਰੋਲ 'ਚ ਹਨ ਅਤੇ ਸ਼ਰਧਾ ਕਪੂਰ ਨੇ ਲੀਡੀਂਗ ਲੇਡੀ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਾਵਾ ਵਰੁਣ ਸ਼ਰਮਾ, ਪ੍ਰਤੀਕ ਬੱਬਰ ਵਰਗੇ ਕਲਾਕਾਰਾਂ ਨੇ ਅਹਿਮ ਕਿਰਦਾਰ ਅਦਾ ਕੀਤਾ ਹੈ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਫ਼ਿਲਮ ਦੀ ਕਮਾਈ ਦੇ ਅੰਕੜੇ ਜਾਰੀ ਕਰਦੇ ਹੋਏ ਲਿਖਿਆ, "ਟੋਟਲ ਧਮਾਲ ਅਤੇ ਮਿਸ਼ਨ ਮੰਗਲ ਤੋਂ ਬਾਅਦ ਫਾਕਸ ਸਟਾਰ ਸਟੂਡੀਓ ਦੀ ਇਹ ਤੀਸਰੀ ਫ਼ਿਲਮ ਹੈ ਜਿਸਨੇ 150 ਕਰੋੜ ਕਮਾ ਲਏ ਹਨ।" ਜ਼ਿਕਰਏਖ਼ਾਸ ਹੈ ਕਿ ਫ਼ਿਲਮ ਦੀ ਕਹਾਣੀ ਕਾਲੇਜ ਦੇ ਉਨ੍ਹਾਂ ਦੋਸਤਾਂ ਦੀ ਕਹਾਣੀ ਹੈ ਜੋ ਬੁਢਾਪੇ 'ਚ ਜ਼ਿੰਦਗੀ ਦੇ ਇੱਕ ਮੋੜ 'ਤੇ ਮਿਲਦੇ ਹਨ ਅਤੇ ਫ਼ਿਰ ਆਪਣੀ ਜਵਾਨੀ ਦੇ ਦਿਨਾਂ ਦੀ ਸਾਰੀਆਂ ਗਲਾਂ ਸਾਂਝੀਆਂ ਕਰਦੇ ਹਨ।