ਮੁੰਬਈ: ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਦੀ ਮੈਨੇਜਰ ਸੌਮਿਆ ਖ਼ਾਨ ਨੇ ਮੁੰਬਈ ਦੇ ਅੰਧੇਰੀ 'ਚ ਨੀਂਦ ਦੀਆਂ ਗੋਲੀਆਂ ਖਾ ਕੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਵਰਸੋਵਾ ਥਾਣੇ ਦੇ ਸੀਨੀਅਰ ਇੰਸਪੈਕਟਰ ਰਾਘਵੇਂਦਰ ਠਾਕੁਰ ਨੇ ਦੱਸਿਆ ਕਿ ਸੌਮਿਆ ਖ਼ਾਨ ਅੰਧੇਰੀ ਦੇ ਮੀਕਾ ਸਿੰਘ ਦੇ ਚਾਰ ਮੰਜ਼ਿਲਾ ਬੰਗਲੇ ਦੇ ਪਹਿਲੇ ਫਲੋਰ ਸਟੂਡੀਓ ਵਿੱਚ ਰਹਿੰਦੀ ਸੀ।
ਪੁਲਿਸ ਨੇ ਕਿਹਾ ਕਿ ਸਾਨੂੰ ਇਸ ਮਾਮਲੇ ਵਿੱਚ ਕਿਸੇ ਸਾਜਿਸ਼ ਦੀ ਸੰਭਾਵਨਾ ਨਹੀਂ ਦਿਖਾਈ ਦੇ ਰਹੀ ਹੈ ਅਤੇ ਹਾਦਸਾਗ੍ਰਸਤ ਮੌਤ ਦਾ ਕੇਸ ਦਰਜ ਕੀਤਾ ਗਿਆ ਹੈ। ਹੁਣ ਮੀਕਾ ਨੇ ਆਪਣੇ ਮੈਨੇਜਰ ਦੀ ਮੌਤ 'ਤੇ ਟੱਵੀਟ ਕੀਤਾ ਹੈ ਅਤੇ ਉਸ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ।
ਮੀਕਾ ਨੇ ਸੌਮਿਆ ਦੀ ਤਸਵੀਰ ਸਾਂਝਾ ਕਰਦਿਆਂ ਲਿਖਿਆ,"ਵਾਹਿਗੁਰੂ ਜੀ ਦੇ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ। ਇਹ ਦੱਸਦਿਆਂ ਬਹੁਤ ਦੁੱਖ ਹੋਇਆ ਕਿ ਸਾਡੀ ਪਿਆਰੀ ਸੌਮਿਆ ਖ਼ਾਨ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। ਉਨ੍ਹਾਂ ਨੇ ਬਹੁਤ ਛੋਟੀ ਉਮਰੇ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਬਹੁਤ ਸਾਰੀਆਂ ਸੁੰਦਰ ਯਾਦਾਂ ਆਪਣੇ ਪਿੱਛੇ ਛੱਡੀਆਂ ਹਨ। ਰੱਬ ਦੀ ਆਤਮਾ ਨੂੰ ਸ਼ਾਂਤੀ ਦੇਵੇ। ਮੈਂ ਉਸ ਦੇ ਪਤੀ ਅਤੇ ਪਰਿਵਾਰ ਨੂੰ ਦਿਲਾਸਾ ਦਿੰਦਾ ਹਾਂ।"
ਮੀਡੀਆ ਰਿਪੋਰਟ ਮੁਤਾਬਕ, ਸੌਮਿਆ ਦੀ ਦੇਹ ਅੰਤਮ ਸੰਸਕਾਰ ਲਈ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਸੌਮਿਆ ਦੇ ਮਾਤਾ ਪਿਤਾ ਨਹੀਂ ਹਨ ਅਤੇ ਉਸ ਦੇ ਦਾਦਾ-ਦਾਦੀ ਪੰਜਾਬ ਵਿੱਚ ਰਹਿੰਦੇ ਹਨ। ਉਸ ਦਾ ਅੰਤਿਮ ਸੰਸਕਾਰ ਪੰਜਾਬ ਵਿੱਚ ਕੀਤਾ ਜਾਵੇਗਾ।