ਮੁੰਬਈ: ਤੇਲਗੂ, ਤਾਮਿਲ, ਕੰਨੜ ਅਤੇ ਪੰਜਾਬੀ ਸਮੇਤ ਹਿੰਦੀ ਫਿਲਮਾਂ ਦੇ ਜ਼ਰੀਏ ਫਿਲਮ ਉਦਯੋਗ 'ਚ ਆਪਣੀ ਪਛਾਣ ਬਣਾਉਣ ਵਾਲੇ ਅਦਾਕਾਰ ਸੋਨੂੰ ਸੂਦ ਅੱਜ ਆਪਣਾ 47 ਵਾਂ ਜਨਮ ਦਿਨ ਮਨਾ ਰਹੇ ਹਨ। ਫਿਲਮਾਂ ਵਿਚ ਅਦਾਕਾਰ ਨੂੰ ਉਸ ਦੇ ਨੈਗੇਟਿਵ ਕਿਰਦਾਰਾਂ ਨੂੰ ਪਸੰਦ ਕੀਤਾ ਜਾਂਦਾ ਹੈ। ਇਸ ਕੋਰੋਨਾ ਦੇ ਦੌਰ ਵਿੱਚ ਸੋਨੂੰ ਪ੍ਰਵਾਸੀ ਮਜ਼ਦੂਰਾਂ ਵਿੱਚ ਇੱਕ ਖਲਨਾਇਕ ਨਹੀਂ ਬਲਕਿ ਇੱਕ ਨਾਇਕ ਬਣ ਕੇ ਉੱਭਰਿਆ ਹੈ।
ਇਨ੍ਹੀਂ ਦਿਨੀਂ ਹਰ ਕਿਸੇ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਸੋਨੂੰ ਸੂਦ ਦੇ ਜਨਮ ਦਿਨ 'ਤੇ ਆਓ ਜਾਣਦੇ ਹਾਂ ਉਸ ਬਾਰੇ ਕੁਝ ਦਿਲਚਸਪ ਗੱਲਾਂ ...
ਸੋਨੂੰ ਦੇ ਪਰਿਵਾਰ ਦਾ ਐਕਟਿੰਗ ਦੀ ਦੁਨੀਆ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਸ ਉਦਯੋਗ ਵਿੱਚ ਉਸਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਇੱਕ ਖਾਸ ਪਛਾਣ ਬਣਾਈ ਹੈ।
ਤਮਿਲ ਸਿਨੇਮਾ ਹਮੇਸ਼ਾ ਸੋਨੂੰ ਸੂਦ ਲਈ ਵਿਸ਼ੇਸ਼ ਰਿਹਾ ਹੈ, ਕਿਉਂਕਿ ਉਸ ਨੇ ਇੱਕ ਤਾਮਿਲ ਫਿਲਮ ਕਾਲਜਘਰ ਤੋਂ ਫਿਲਮ ਉਦਯੋਗ ਵਿੱਚ ਡੈਬਿਊ ਕੀਤਾ ਸੀ ਜਿਸ ਵਿੱਚ ਉਸ ਨੇ ਇੱਕ ਨੈਗੇਟਿਵ ਕਿਰਦਾਰ ਨਿਭਾਇਆ ਸੀ।
ਫਿਰ ਸੋਨੂੰ ਨੇ ਸਾਲ 2002 ਵਿਚ ਰਿਲੀਜ਼ ਹੋਈ ਫਿਲਮ 'ਸ਼ਹੀਦ-ਏ-ਆਜ਼ਮ' ਨਾਲ ਬਾਲੀਵੁੱਡ ਇੰਡਸਟਰੀ ਵਿਚ ਪ੍ਰਵੇਸ਼ ਕੀਤਾ। ਇਸ ਫਿਲਮ ਵਿਚ ਅਦਾਕਾਰ ਨੇ ਭਗਤ ਸਿੰਘ ਦਾ ਕਿਰਦਾਰ ਨਿਭਾਇਆ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਜ਼ਿਆਦਾ ਕੁਝ ਨਹੀਂ ਕਰ ਸਕੀ ਪਰ ਸੋਨੂੰ ਦੀ ਅਦਾਕਾਰੀ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਗਈ।
ਇਸ ਤੋਂ ਬਾਅਦ ਸੋਨੂੰ ਸੂਦ ਦੀ ਫਿਲਮ 'ਜੋਧਾ ਅਕਬਰ' ਸਾਲ 2008 ਵਿੱਚ ਆਈ ਸੀ, ਸੋਨੂੰ ਨੂੰ ਆਸ਼ੂਤੋਸ਼ ਗੋਵਾਰੀਕਰ ਦੀ ਫਿਲਮ ਵਿੱਚ ਜੋਧਾ ਦੇ ਭਰਾ ਸੁਜਮਲ ਦੀ ਭੂਮਿਕਾ ਲਈ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ। ਇਸ ਭੂਮਿਕਾ ਲਈ ਸੋਨੂੰ ਨੂੰ ਫਿਲਮਫੇਅਰ ਸਰਬੋਤਮ ਸਹਾਇਕ ਅਦਾਕਾਰ ਲਈ ਵੀ ਨਾਮਜ਼ਦ ਕੀਤਾ ਗਿਆ ਸੀ।
ਇਸ ਤੋਂ ਬਾਅਦ ਅਦਾਕਾਰ ਨੇ ਫਿਲਮ ਦਬੰਗ ਨਾਲ ਪ੍ਰਸਿੱਧੀ ਦੇ ਸਿਖਰ ਨੂੰ ਛੂਹਿਆ। ਦਬੰਗ ਵਿੱਚ ਛੇਦੀ ਸਿੰਘ ਦੇ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਇਸ ਕਿਰਦਾਰ ਲਈ ਸੋਨੂੰ ਨੂੰ ਸਰਬੋਤਮ ਅਦਾਕਾਰ ਦੇ ਅਪਸਰਾ ਅਵਾਰਡ ਅਤੇ ਆਈਫਾ ਅਵਾਰਡ ਨਾਲ ਨਵਾਜ਼ਿਆ ਗਿਆ ਸੀ।
ਸੋਨੂੰ ਨੇ ਅਨੀਸ ਬਾਜ਼ਮੀ ਦੀ ਫਿਲਮ ਸਿੰਘ ਇਜ਼ ਕਿੰਗ ਵਿਚ ਲਖਨ ਸਿੰਘ ਦੀ ਭੂਮਿਕਾ ਨਾਲ ਸਾਰਿਆਂ ਦੇ ਦਿਲਾਂ 'ਤੇ ਰਾਜ ਕੀਤਾ। ਪੁਰਾਣੀ ਦੁਨੀਆ ਦੀ ਦਹਿਸ਼ਤ ਅਤੇ ਨਵੇਂ ਅਤੇ ਪੁਰਾਣੇ ਵਿਸ਼ੇਸ਼ ਪ੍ਰਭਾਵਾਂ ਦੇ ਨਾਲ ਤੇਲਗੂ ਦੀ ਬਲਾਕਬਸਟਰ ਫਿਲਮ 'ਅਰੁੰਧਤੀ' ਨੇ ਕਾਫੀ ਵਾਹਵਾਹੀ ਖੱਟੀ ਜਿਸ ਵਿੱਚ ਅਦਾਕਾਰਾ ਅਨੁਸ਼ਕਾ ਸ਼ੈੱਟੀ ਨੇ ਸੋਨੂੰ ਸੂਦ ਦੇ ਨਾਲ ਇੱਕ ਅਹਿਮ ਭੂਮਿਕਾ ਨਿਭਾਈ ਸੀ।
ਇਸ ਫਿਲਮ ਲਈ ਸੋਨੂੰ ਨੂੰ ਆਂਧਰਾ ਪ੍ਰਦੇਸ਼ ਦਾ ਨੰਦੀ ਪੁਰਸਕਾਰ ਦਿੱਤਾ ਗਿਆ ਅਤੇ ਸਰਬੋਤਮ ਸਹਿ-ਅਦਾਕਾਰ ਦੇ ਫਿਲਮਫੇਅਰ ਪੁਰਸਕਾਰ- ਤੇਲਗੂ ਨਾਲ ਵੀ ਨਵਾਜ਼ਿਆ ਗਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਤੇਲਗੂ ਇੰਡਸਟਰੀ 'ਚ ਨੰਦੀ ਅਵਾਰਡ ਫਿਲਮਫੇਅਰ ਅਵਾਰਡ ਨਾਲੋਂ ਜ਼ਿਆਦਾ ਮੰਨਿਆ ਜਾਂਦਾ ਹੈ ਅਤੇ ਸੋਨੂੰ ਪਹਿਲਾ ਅਦਾਕਾਰ ਹੈ ਜਿਸ ਨੇ ਬਾਲੀਵੁੱਡ ਤੋਂ ਹੋਣ ਦੇ ਬਾਵਜੂਦ ਨੰਦੀ ਅਵਾਰਡ ਜਿੱਤਿਆ ਹੈ।
ਅਦਾਕਾਰ ਨੇ ਸਾਲ 2009 ਵਿਚ ਰਿਲੀਜ਼ ਹੋਈ ਦੁਬਈ ਦੀ ਇਕ ਅੰਗਰੇਜ਼ੀ ਫਿਲਮ 'ਸਿਟੀ ਆਫ ਲਾਈਫ' ਵਿਚ ਵੀ ਬਹੁਤ ਵਧੀਆ ਕੰਮ ਕੀਤਾ ਸੀ। ਫਿਰ 2014 ਦੀ ਹਾਲੀਵੁੱਡ ਫਿਲਮ 'ਦਿ ਲੀਜੈਂਡ ਆਫ ਹਰਕੂਲਿਸ' ਦੀ ਹਿੰਦੀ ਡੱਬਿੰਗ ਵਿਚ ਸੋਨੂੰ ਨੇ ਹਰਕੂਲਿਸ ਦੇ ਕਿਰਦਾਰ ਲਈ ਆਪਣੀ ਆਵਾਜ਼ ਦਿੱਤੀ ਸੀ।
ਸਾਰਿਆਂ ਦਾ ਮਨੋਰੰਜਨ ਕਰਨ ਤੋਂ ਇਲਾਵਾ, ਸੋਨੂੰ ਲੋਕਾਂ ਦੀ ਮਦਦ ਕਰਨ ਵਿਚ ਵੀ ਸਭ ਤੋਂ ਅੱਗੇ ਹੈ। ਇਸ ਦਾ ਸਭ ਤੋਂ ਵੱਡਾ ਸਬੂਤ ਤਾਲਾਬੰਦੀ ਵਿੱਚ ਵੇਖਿਆ ਜਾਂਦਾ ਹੈ ਜੋ ਕਿ ਅਜੇ ਵੀ ਜਾਰੀ ਹੈ। ਆਪਣੀਆਂ ਕੋਸ਼ਿਸ਼ਾਂ ਨਾਲ ਉਸ ਹਜ਼ਾਰਾਂ ਮਜ਼ਦੂਰਾਂ ਨੂੰ ਆਪਣੇ ਘਰ ਪਹੁੰਚਿਆ।
ਟਵਿੱਟਰ 'ਤੇ ਲੋਕਾਂ ਨੇ ਸੋਨੂੰ ਤੋਂ ਹਰ ਤਰ੍ਹਾਂ ਦੀ ਮਦਦ ਮੰਗੀ ਤੇ ਅਦਾਕਾਰ ਬਿਨਾਂ ਕਿਸੇ ਝਿਜਕ ਉਸ ਲਈ ਅੱਗੇ ਆਇਆ। ਸੋਨੂੰ ਨੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਲਈ ਟਵਿੱਟਰ 'ਤੇ ਇਕ ਹੈਲਪਲਾਈਨ ਨੰਬਰ ਵੀ ਸਾਂਝਾ ਕੀਤਾ ਹੈ ਤਾਂ ਜੋ ਲੋਕ ਉਸ ਨਾਲ ਅਸਾਨੀ ਨਾਲ ਸੰਪਰਕ ਕਰ ਸਕਣ। ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਫਸੇ ਲੋਕਾਂ ਨੇ ਅਦਾਕਾਰ ਨੂੰ ਟਵੀਟ ਕਰਕੇ ਘਰ ਪਹੁੰਚਣ ਲਈ ਕਿਹਾ ਅਤੇ ਸੋਨੂੰ ਨੇ ਵੀ ਉਨ੍ਹਾਂ ਦੀ ਮਦਦ ਕੀਤੀ।
ਹਾਲ ਹੀ ਵਿੱਚ ਇੱਕ ਵਾਰ ਮੁੜ ਸੋਨੂੰ ਨੇ ਇੱਕ ਪਰਿਵਾਰ ਨੂੰ ਖੁੱਲ੍ਹਦਿਲੀ ਦਿਖਾਉਂਦੇ ਹੋਏ ਇੱਕ ਟਰੈਕਟਰ ਦਿੱਤਾ। ਘਰ ਦੀਆਂ ਧੀਆਂ ਨੂੰ ਹਲ਼ ਵਾਹੁਣਾ ਪਿਆ ਕਿਉਂਕਿ ਪਰਿਵਾਰ ਕੋਲ ਬਲਦ ਜਾਂ ਟਰੈਕਟਰ ਨਹੀਂ ਸਨ। ਸੋਨੂੰ ਨੂੰ ਜਦੋਂ ਇਹ ਖ਼ਬਰ ਮਿਲੀ ਤਾਂ ਟਰੈਕਟਰ ਉਸ ਪਰਿਵਾਰ ਦੇ ਘਰ ਪਹੁੰਚਾ ਦਿੱਤਾ ਗਿਆ ਤਾਂ ਜੋ ਉਸ ਪਰਿਵਾਰ ਦੀਆਂ ਧੀਆਂ ਖੇਤ ਵਿਚ ਕੰਮ ਕਰਨ ਦੀ ਬਜਾਏ ਪੜ੍ਹਾਈ ਵਿਚ ਆਪਣਾ ਸਮਾਂ ਦੇ ਸਕਣ।
ਸੋਨੂੰ ਨੇ ਆਪਣੀਆਂ ਆਉਣ ਵਾਲੀਆਂ ਫਿਲਮਾਂ ਅਤੇ ਇਸ ਮਹਾਨ ਕਾਰਜ ਨਾਲ ਉਨ੍ਹਾਂ ਫਿਲਮਾਂ ਦੇ ਕਿਰਦਾਰਾਂ ਵਿਚ ਤਬਦੀਲੀ ਬਾਰੇ ਕਿਹਾ ਹੈ। ਸੋਨੂੰ ਦੇ ਟਵਿੱਟਰ ਹੈਂਡਲ ਨੂੰ ਵੇਖ ਕੇ ਇਹ ਸਮਝਿਆ ਜਾ ਸਕਦਾ ਹੈ ਕਿ ਉਹ ਇਕ ਮਸ਼ਹੂਰ ਵਿਅਕਤੀ ਵਜੋਂ ਨਹੀਂ, ਬਲਕਿ ਇਕ ਆਮ ਆਦਮੀ ਵਜੋਂ ਲੋਕਾਂ ਦਾ ਸਾਥ ਨਿਭਾਅ ਰਿਹਾ ਹੈ। ਅੱਜ ਸੋਨੂੰ ਸਿਰਫ ਅਦਾਕਾਰ ਨਹੀਂ ਹੈ, ਬਲਕਿ ਕਿਸੇ ਦਾ ਭਰਾ ਅਤੇ ਕਿਸੇ ਦਾ ਬੇਟਾ ਵੀ ਹੈ। ਸੋਨੂੰ ਦੁਆਰਾ ਕੋਰੋਨਾ ਦੌਰ ਵਿੱਚ ਪੇਸ਼ ਕੀਤੀ ਗਈ ਮਨੁੱਖਤਾ ਦੀ ਮਿਸਾਲ ਸੱਚਮੁੱਚ ਸ਼ਲਾਘਾ ਯੋਗ ਹੈ।