ਮੁੰਬਈ: ਮਸ਼ਹੂਰ ਪਲੈਬੇਕ ਗਾਇਕ ਉਦਿਤ ਨਾਰਾਇਣ 1 ਦਸੰਬਰ ਨੂੰ 64 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 1 ਦਸੰਬਰ 1955 ਨੂੰ ਬਿਹਾਰ ਵਿੱਚ ਹੋਇਆ। ਉਨ੍ਹਾਂ ਦਾ ਪੂਰਾ ਨਾਂਅ ਉਦਿਤ ਨਾਰਾਇਣ ਝਾ ਹੈ। ਉਨ੍ਹਾਂ ਦੇ ਗੀਤਾਂ ਦਾ ਇੱਕ ਵੱਖਰਾ ਹੀ ਅੰਦਾਜ ਹੈ ਜੋ ਹਰ ਇੱਕ ਨੂੰ ਪਸੰਦ ਆਉਂਦਾ ਹੈ।
ਉਦਿਤ ਨਾਰਾਇਣ ਨੇ ਨਾ ਸਿਰਫ਼ ਹਿੰਦੀ 'ਚ ਬਲਕਿ ਤਾਮਿਲ, ਤੇਲਗੂ, ਕੰਨੜ, ਨੇਪਾਲੀ ਅਤੇ ਕਈ ਹੋਰ ਭਾਸ਼ਾਵਾਂ ਦੇ ਗੀਤਾਂ ਨੂੰ ਆਪਣੀ ਅਵਾਜ਼ ਦਿੱਤੀ ਹੈ। ਗਾਇਕੀ ਤੋਂ ਇਲਾਵਾ ਉਹ ਕਈ ਰਿਐਲੇਟੀ ਸ਼ੋਅ ਵੀ ਜੱਜ ਕਰ ਚੁੱਕੇ ਹਨ। ਆਪਣੇ ਸੰਘਰਸ਼ ਦੇ ਦਿਨ੍ਹਾਂ ਨੂੰ ਯਾਦ ਕਰਦੇ ਹੋਏ ਉਦਿਤ ਨਾਰਾਇਣ ਕਹਿੰਦੇ ਹਨ ਕਿ ਉਨ੍ਹਾਂ ਦੇ ਘਰ ਕੋਲ ਇੱਕ ਦਿਨ ਰੇਡੀਓ 'ਤੇ ਰਫ਼ੀ ਦਾ ਗੀਤ ਚੱਲ ਰਿਹਾ ਸੀ। ਰਫ਼ੀ ਦੇ ਗੀਤ ਨੂੰ ਸੁਣ ਕੇ ਉਦਿਤ ਉਨ੍ਹਾਂ ਦੇ ਫ਼ੈਨ ਹੋ ਗਏ।
ਆਪਣੀ ਗਾਇਕੀ ਦੀ ਸ਼ੁਰੂਆਤ ਉਦਿਤ ਨੇ ਪਿੰਡਾਂ ਦੇ ਮੇਲਿਆਂ ਤੋਂ ਕੀਤੀ ਸੀ। ਉਹ ਦੱਸਦੇ ਹਨ ਕਿ ਮੇਲਿਆਂ 'ਤੇ ਜਾ ਕੇ ਉਹ ਗੀਤ ਗਾਉਂਦੇ ਸਨ ਅਤੇ ਉਨ੍ਹਾਂ ਨੂੰ ਇਨਾਮ ਦੇ ਤੌਰ 'ਤੇ 25 ਪੈਸੇ ਮਿਲਦੇ ਸਨ। ਉਦਿਤ ਨਾਰਾਇਣ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਸਿੰਦੂਰ' ਤੋਂ ਕੀਤੀ ਸੀ। ਉਹ ਇੱਕ ਨੇਪਾਲੀ ਫ਼ਿਲਮ ਸੀ। ਇਸ ਫ਼ਿਲਮ ਦੇ ਲਈ ਉਨ੍ਹਾਂ ਆਪਣਾ ਪਹਿਲਾ ਗੀਤ ਗਾਇਆ ਸੀ। ਇਹ ਫ਼ਿਲਮ ਬਾਕਸ ਆਫ਼ਿਸ 'ਤੇ ਖ਼ਾਸ ਨਹੀਂ ਚੱਲੀ ਸੀ।
ਸਾਲ 1978 'ਚ ਉਦਿਤ ਨਾਰਾਇਣ ਨੇ ਮੁੰਬਈ ਦਾ ਰੁੱਖ ਕੀਤਾ ਅਤੇ 10 ਸਾਲ ਸੰਘਰਸ਼ ਕੀਤਾ। ਇਸ ਤੋਂ ਬਾਅਦ ਸਾਲ 1988 'ਚ ਆਮਿਰ ਖ਼ਾਨ ਦੀ ਫ਼ਿਲਮ 'ਕਯਾਮਤ ਸੇ ਕਯਾਮਤ ਤੱਕ' ਦੇ ਗੀਤ ਪਾਪਾ ਕਹਤੇ ਹੈ.. ਨੂੰ ਆਪਣੀ ਅਵਾਜ਼ ਦਿੱਤੀ। ਇਸ ਗੀਤ ਨੇ ਉਦਿਤ ਨਾਰਾਇਣ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ।
ਇਸ ਫ਼ਿਲਮ ਨੇ ਉਦਿਤ ਨਾਰਾਇਣ ਦੀ ਜ਼ਿੰਦਗੀ ਬਦਲ ਦਿੱਤੀ। ਇੰਡਸਟਰੀ 'ਚ 40 ਸਾਲ ਪੂਰੇ ਕਰ ਚੁੱਕੇ ਉਦਿਤ ਨਾਰਾਇਣ ਨੇ ਹੁਣ ਤੱਕ ਜ਼ਿਆਦਾਤਰ ਗੀਤ ਅਲਕਾ ਯਾਗਨਿਕ ਦੇ ਨਾਲ ਗਾਏ ਹਨ। ਦੋਵਾਂ ਦੀ ਜ਼ੁਗਲਬੰਦੀ ਦਰਸ਼ਕਾਂ ਨੂੰ ਬਹੁਤ ਪਸੰਦ ਹੈ।