ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੇ 26 ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਬੱਚਨ ਪਰਿਵਾਰ ਦੇ ਸੰਪਰਕ ਵਿੱਚ ਕਰੀਬ 54 ਲੋਕ ਆਏ ਸਨ, ਜਿਨ੍ਹਾਂ ਵਿੱਚੋਂ 28 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
ਦਰਅਸਲ, ਬੱਚਨ ਪਰਿਵਾਰ ਦੀ ਰਿਹਾਇਸ਼ 'ਤੇ 26 ਲੋਕਾਂ ਦੀ ਪਛਾਣ ਉੱਚ ਜੋਖਮ ਵਾਲਿਆਂ ਵਜੋਂ ਹੋਈ ਹੈ, ਉਨ੍ਹਾਂ ਦਾ ਸਵੈਬ ਟੈਸਟ ਐਤਵਾਰ ਨੂੰ ਕੀਤਾ ਗਿਆ, ਜਿਸ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਸਾਰੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਪ੍ਰਸ਼ੰਸਕਾਂ ਦਾ ਆਪਣੇ ਪ੍ਰਤੀ ਪਿਆਰ ਨੂੰ ਵੇਖਦਿਆਂ, ਬਿਗ ਬੀ ਨੇ ਟਵੀਟ ਕਰ ਸਾਰਿਆਂ ਦਾ ਧੰਨਵਾਦ ਕੀਤਾ ਹੈ। ਅਮਿਤਾਭ ਨੇ ਆਪਣੇ ਪਹਿਲੇ ਟਵੀਟ ਵਿੱਚ ਲਿਖਿਆ ਕਿ ਉਨ੍ਹਾਂ ਸਾਰੀਆਂ ਦਾ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਅਭਿਸ਼ੇਕ, ਐਸ਼ਵਰਿਆ ਅਰਾਧਿਆ ਅਤੇ ਮੇਰੇ ਲਈ ਅਰਦਾਸਾਂ ਕੀਤੀਆਂ ਹਨ।
ਬੀਤੇ ਦਿਨੀਂ ਬਾਲੀਵੁ਼ੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਸਮੇਤ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਤੇ ਅਰਾਧਿਆ ਬੱਚਨ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਬੱਚਨ ਪਰਿਵਾਰ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਮਗਰੋਂ ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਲੀਵੁੱਡ ਹਸਤੀਆਂ ਵੀ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੀਆਂ ਹਨ।