ਮੁੰਬਈ: ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਸਦੀ ਦੇ ਮਹਾਨ ਅਦਾਕਾਰ ਅਮਿਤਾਭ ਬੱਚਨ ਦੀ ਹਾਲਤ ਸਥਿਰ ਹੈ। ਮੁੰਬਈ ਦੇ ਨਾਨਾਵਤੀ ਹਸਪਤਾਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਵਿਚ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਦੇ ਆਇਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਨਿਰੰਤਰ ਨਿਗਰਾਨੀ ਕਰ ਰਹੀ ਹੈ। ਅਮਿਤਾਭ ਬੱਚਨ ਨੇ ਹਸਪਤਾਲ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਆਪਣੀ ਸਿਹਤ ਬਾਰੇ ਟਵਿਟਰ ਰਾਹੀਂ ਲਗਾਤਾਰ ਜਾਣਕਾਰੀ ਦਿੰਦੇ ਰਹਿਣਗੇ।
ਦੂਜੇ ਪਾਸੇ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਅਮਿਤਾਭ ਅਤੇ ਅਭਿਸ਼ੇਕ ਦੋਹਾਂ 'ਚ ਕੋਰੋਨਾ ਦੇ ਹਲਕੇ ਲੱਛਣ ਹਨ। ਜਦੋਂ ਉਨ੍ਹਾਂ ਦਾ ਰੈਪਿਡ ਐਂਟੀਜੇਨ ਟੈਸਟ ਕੀਤਾ ਗਿਆ ਤਾਂ ਦੋਹਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਪਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਰਾਜੇਸ਼ ਟੋਪੇ ਨੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ, ਦੋਹਾਂ ਦੀ ਹਾਲਤ ਸਥਿਰ ਹੈ।
ਰਾਹਤ ਭਰੀ ਗੱਲ ਹੈ ਕਿ ਅਮਿਤਾਭ ਬੱਚਨ ਦੀ ਪਤਨੀ ਜਯਾ ਬੱਚਨ, ਅਦਾਕਾਰ ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਧੀ ਅਰਾਧਿਆ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਇਹ ਪਰਿਵਾਰ ਅਤੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਗੱਲ ਹੈ। ਹਾਲਾਂਕਿ, ਬਾਕੀ ਪਰਿਵਾਰ ਅਤੇ ਘਰ ਦੇ ਸਟਾਫ ਦੇ ਟੈਸਟ ਦੇ ਨਤੀਜੇ ਆਉਣੇ ਬਾਕੀ ਹਨ।
ਕੋਰੋਨਾ ਪੌਜ਼ੀਟਿਵ ਅਮਿਤਾਭ ਬੱਚਨ ਦੀ ਹਾਲਤ ਸਥਿਰ, ਆਈਸੋਲੇਸ਼ਨ ਵਾਰਡ 'ਚ ਇਲਾਜ਼ ਜਾਰੀ ਜ਼ਿਕਰਯੋਗ ਹੈ ਕਿ 11 ਜੁਲਾਈ ਨੂੰ ਯਾਨੀ ਸ਼ਨੀਵਾਰ ਦੇਰ ਰਾਤ ਨੂੰ ਬਿਗ ਬੀ ਨੇ ਟਵਿਟਰ ਦੇ ਜ਼ਰੀਏ ਆਪਣੀ ਕੋਰੋਨਾ ਰਿਪੋਰਟ ਪੌਜ਼ੀਟਿਵ ਹੋਣ ਬਾਰੇ ਜਾਣਕਾਰੀ ਦਿੱਤੀ। ਅਮਿਤਾਭ ਬੱਚਨ ਨੇ ਇੱਕ ਟਵੀਟ ਵਿੱਚ ਕਿਹਾ, "ਮੈਨੂੰ ਕੋਰੋਨਾ ਹੋ ਗਿਆ ਹੈ, ਇਸ ਤੋਂ ਬਾਅਦ ਮੈਂ ਹਸਪਤਾਲ ਵਿੱਚ ਦਾਖਲ ਹੋ ਗਿਆ ਹਾਂ, ਹਸਪਤਾਲ ਨੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ। ਮੇਰੇ ਪਰਿਵਾਰਕ ਮੈਂਬਰਾਂ ਅਤੇ ਸਟਾਫ ਨੇ ਵੀ ਕੋਰੋਨਾ ਟੈਸਟ ਕਰਵਾ ਲਿਆ ਹੈ, ਨਤੀਜੇ ਉਡੀਕ ਰਹੇ ਹਨ।"
ਇਸ ਟਵੀਟ ਦੇ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਦੇ ਬੇਟੇ ਅਤੇ ਅਦਾਕਾਰ ਅਭਿਸ਼ੇਕ ਬੱਚਨ ਨੇ ਵੀ ਟਵੀਟ ਕਰਕੇ ਆਪਣੇ ਕੋਰੋਨਾ ਪੌਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ। ਅਭਿਸ਼ੇਕ ਬੱਚਨ ਨੇ ਆਪਣੇ ਟਵੀਟ ਵਿੱਚ ਲਿਖਿਆ, "ਮੈਂ ਅਤੇ ਮੇਰੇ ਪਿਤਾ ਅੱਜ ਕੋਰੋਨਾ ਪਾਜ਼ੀਟਿਵ ਪਾਏ ਗਏ। ਸਾਡੇ ਕੋਲ ਕੋਰੋਨਾ ਦੇ ਬਹੁਤ ਹੀ ਹਲਕੇ ਲੱਛਣ ਹਨ ਅਤੇ ਸਾਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ।"