ਮੁੰਬਈ: ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ ਦੇ ਰਹਿਣ ਵਾਲੇ ਆਯੂਸ਼ ਕੁੰਡਲ ਦੀ ਪੇਂਟਿੰਗ ਨੂੰ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ ਤੇ ਆਯੂਸ਼ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ। ਆਯੂਸ਼ ਕੁੰਡਲ ਨੇ ਫ਼ਿਲਮ 'ਗੁਲਾਬੋ ਸਿਤਾਬੋ' ਵਿੱਚ ਮਿਰਜ਼ਾ ਦਾ ਕਿਰਦਾਰ ਨਿਭਾ ਰਹੇ ਅਮਿਤਾਭ ਬੱਚਨ ਦੀ ਪੇਂਟਿੰਗ ਬਣਾਈ ਹੈ।
ਇਹ ਪੇਂਟਿਗ ਉਨ੍ਹਾਂ ਨੇ ਆਪਣੇ ਪੈਰਾਂ ਨਾਲ ਬਣਾਈ ਹੈ ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਪੇਂਟਿੰਗ ਨੂੰ ਹੁਣ ਤੱਕ 6 ਲੱਖ ਤੋਂ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਹੈ ਤੇ ਲੋਕ ਆਯੂਸ਼ ਵੱਲੋਂ ਬਣਾਈ ਪੇਂਟਿੰਗ ਦੀ ਤਾਰੀਫ਼ ਕਰ ਰਹੇ ਹਨ।
ਦੱਸ ਦੇਈਏ ਕਿ 22 ਸਾਲਾਂ ਦੇ ਆਯੂਸ਼ Cerebral Palsy ਨਾਂਅ ਦੀ ਬਿਮਾਰੀ ਨਾਲ ਪੀੜਤ ਹੈ। ਉਹ ਜਨਮ ਤੋਂ ਹੀ ਨਾ ਠੀਕ ਨਾਲ ਬੈਠ ਸਕਦੇ ਹੈ, ਨਾ ਹੀ ਠੀਕ ਤਰੀਕੇ ਨਾਲ ਬੋਲ ਸਕਦਾ ਹੈ ਤੇ ਨਾ ਹੀ ਉਸ ਦੇ ਹੱਥ ਪੈਰ ਠੀਕ ਤਰੀਕੇ ਨਾਲ ਕੰਮ ਕਰਦੇ ਹਨ। ਉਸ ਦਾ ਸਿਰਫ਼ ਇੱਕ ਪੈਰ ਹੀ ਥੋੜ੍ਹਾ ਜਿਹਾ ਕੰਮ ਕਰਦਾ ਹੈ। ਇੰਨੀਆਂ ਸਰੀਰਕ ਪ੍ਰੇਸ਼ਾਨੀਆਂ ਦੇ ਬਾਵਜੂਦ ਵੀ ਆਯੂਸ਼ ਨੇ ਇੱਕ ਪ੍ਰੋਫ਼ੈਸ਼ਨਲ ਚਿੱਤਰਕਾਰ ਦੀ ਤਰ੍ਹਾਂ ਅਦਾਕਾਰ ਦੀ ਪੇਂਟਿੰਗ ਬਣਾਈ।
ਪੈਰਾਂ ਨਾਲ ਕਰਦੇ ਨੇ ਪੇਂਟਿੰਗ
ਆਯੂਸ਼ ਦੀ ਮਾਂ ਨੇ ਦੱਸਿਆ ਕਿ ਉਹ ਆਯੂਸ਼ ਦੇ ਪੈਰ ਵਿੱਚ ਪੇਂਟਿਗ ਬਰਸ਼ ਫੜਾ ਦਿੰਦੀ ਹੈ, ਜਿਸ ਤੋਂ ਬਾਅਦ ਉਹ ਆਪਣੀ ਕਲਪਨਾ ਦੇ ਰੰਗ ਕੈਨਵਸ 'ਤੇ ਭਰਨਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਇਲਾਵਾ ਆਯੂਸ਼ ਪੈਰ ਨਾਲ ਹੀ ਕੰਪਿਊਟਰ ਨੂੰ ਚਲਾ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਕੰਪਿਊਟਰ 'ਤੇ ਆਯੂਸ਼ ਫੇਸਬੁੱਕ ਤੇ ਟਵਿੱਟਰ ਵੀ ਚਲਾ ਲੈਂਦਾ ਹੈ, ਜਿਸ ਰਾਹੀਂ ਆਯੂਸ਼ ਨੇ ਅਦਾਕਾਰ ਦੀ ਬਣਾਈ ਪੇਂਟਿਗ ਨੂੰ ਉਨ੍ਹਾਂ ਨਾਲ ਸ਼ੇਅਰ ਕੀਤਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਆਯੂਸ਼ ਦੀ ਮੁਲਾਕਾਤ ਅਮਿਤਾਭ ਨਾਲ ਉਨ੍ਹਾਂ ਦੇ ਘਰ ਹੋ ਚੁੱਕੀ ਹੈ, ਜਿੱਥੇ ਅਦਾਕਾਰ ਅਮਿਤਾਭ ਨੇ ਆਯੂਸ਼ ਨੂੰ ਕੇਬੀਸੀ ਦੀ ਵੀ ਆਫ਼ਰ ਕੀਤੀ ਸੀ। ਕਿਹਾ ਜਾ ਰਿਹਾ ਹੈ ਕਿ ਆਯੂਸ਼ ਜਲਦ ਹੀ ਕੇਬੀਸੀ ਵਿੱਚ ਨਜ਼ਰ ਆ ਸਕਦੇ ਹਨ।