ਫ਼ਿਰ ਤੋਂ ਇੱਕਠੇ ਨਜ਼ਰ ਆਉਣਗੇ ਅਭਿਸ਼ੇਕ ਤੇ ਐਸ਼ਵਰਿਆ - sanjay leela bhansali
ਅਭਿਸ਼ੇਕ ਤੇ ਐਸ਼ ਸੰਜੈ ਲੀਲਾ ਭੰਸਾਲੀ ਦੀ ਫ਼ਿਲਮ ਸਾਹਿਰ ਲੁਧਿਆਣਵੀ ਦੀ ਬਾਇਓਪਿਕ 'ਚ ਨਜ਼ਰ ਆ ਸਕਦੇ ਹਨ।ਇਸ ਫ਼ਿਲਮ ਦੀ ਕਾਸਟਿੰਗ ਨੂੰ ਲੈਕੇ ਚਰਚਾ ਜੋਰਾਂ ਤੇ ਹੋ ਰਹੀ ਹੈ।
ਹੈਦਰਾਬਾਦ :ਮਸ਼ਹੂਰ ਫਿਲਮਸਾਜ਼ ਸੰਜੈ ਲੀਲਾ ਭੰਸਾਲੀ ਛੇਤੀ ਹੀ ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਨੂੰ ਲੈ ਕੇ ਇਕ ਫਿਲਮ ਬਣਾ ਸਕਦਾ ਹੈ। ਅਸਲ 'ਚ ਭੰਸਾਲੀ ਮਸ਼ਹੂਰ ਸ਼ਾਇਰ ਸਾਹਿਰ ਲੁਧਿਆਣਵੀ ਦੀ ਬਾਇਓਪਿਕ ਬਣਾਉਣ ਵਾਲਾ ਹੈ। ਫਿਲਮ ਦੇ ਲੀਡ ਰੋਲ ਨੂੰ ਲੈ ਕੇ ਚਰਚਾ ਜ਼ੋਰਾਂ 'ਤੇ ਹੈ। ਜਾਣਕਾਰੀ ਮਿਲੀ ਹੈ ਕਿ ਫਿਲਮ 'ਚ ਅਭਿਸ਼ੇਕ ਤੇ ਐਸ਼ਵਰਿਆ ਨੂੰ ਲਿਆ ਜਾ ਸਕਦਾ ਹੈ। ਫਿਲਮ ਦਾ ਥੀਮ ਸਾਹਿਰ ਲੁਧਿਆਣਵੀ ਤੇ ਅੰਮ੍ਰਿਤਾ ਪ੍ਰੀਤਮ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਹੋਵੇਗਾ। ਇਸ 'ਚ ਅਭਿਸ਼ੇਕ ਸਾਹਿਰ ਲੁਧਿਆਣਵੀ ਦਾ ਤੇ ਐਸ਼ਵਰਿਆ ਅੰਮ੍ਰਿਤਾ ਦਾ ਕਿਰਦਾਰ ਨਿਭਾ ਸਕਦੀ ਹੈ। ਕੁਝ ਸਮਾਂ ਪਹਿਲਾਂ ਇਹ ਵੀ ਚਰਚਾ ਸੀ ਕਿ ਅਭਿਸ਼ੇਕ ਤੇ ਐਸ਼ ਫਿਲਮ 'ਗੁਲਾਬ ਜਾਮੁਨ' 'ਚ ਇਕੱਠੇ ਨਜ਼ਰ ਆਉਣਗੇ। ਹੁਣ ਕਿਹਾ ਜਾ ਰਿਹਾ ਹੈ ਕਿ ਨਿਰਮਾਤਾਵਾਂ ਨੇ ਇਸ ਫਿਲਮਾਂ ਨੂੰ ਨਾ ਬਣਾਉਣ ਦਾ ਫ਼ੈਸਲਾ ਲਿਆ ਹੈ। ਐਸ਼ਵਰਿਆ ਨੇ ਹਾਲ ਹੀ 'ਚ ਕਿਹਾ ਸੀ ਕਿ 'ਆਮਤੌਰ 'ਤੇ ਜਦੋਂ ਮੇਰੇ ਅਗਲੇ ਪ੍ਰਾਜੈਕਟ ਦੇ ਐਲਾਨ ਦੀ ਗੱਲ ਆਉਂਦੀ ਹੈ ਤਾਂ ਮੈਂ ਇਸ ਨੂੰ ਆਪਣੇ ਨਿਰਦੇਸ਼ਕ ਤੇ ਨਿਰਮਾਤਾਵਾਂ 'ਤੇ ਛੱਡ ਦਿੰਦੀ ਹਾਂ। ਮੈਂ ਹਾਲ ਹੀ 'ਚ ਇਕ ਸ਼ਾਨਦਾਰ ਸਕ੍ਰਿਪਟ ਅਤੇ ਕਿਰਦਾਰ ਫਾਈਨਲ ਕੀਤਾ ਹੈ ਪਰ ਇਸ ਬਾਰੇ ਫਿਲਮਸਾਜ਼ ਦੇ ਐਲਾਨ ਦੀ ਹੀ ਉਡੀਕ ਕਰਨੀ ਸਹੀ ਹੋਵੇਗੀ।' ਜ਼ਿਕਰਯੋਗ ਹੈ ਕਿ ਪਿਛਲੇ ਸਾਲ ਐਸ਼ ਦੀ ਫਿਲਮ 'ਫੰਨੇ ਖ਼ਾਂ' ਰਿਲੀਜ਼ ਹੋਈ ਸੀ, ਜੋ ਅਸਫਲ ਰਹੀ। ਦੂਜੇ ਪਾਸੇ ਅਭਿਸ਼ੇਕ ਦਾ ਕਰੀਅਰ ਵੀ ਕਾਫ਼ੀ ਮਾੜੇ ਦੌਰ 'ਚੋਂ ਲੰਘ ਰਿਹਾ ਹੈ। ਕਾਫ਼ੀ ਸਮੇਂ ਤੋਂ ਉਸ ਦੀ ਕੋਈ ਫਿਲਮ ਸਫਲਤਾ ਹਾਸਲ ਨਹੀਂ ਕਰ ਸਕੀ।