ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਦੀ ਕਾਰ ਹਾਦਸਾਗ੍ਰਸਤ ਹੋ ਗਈ ਹੈ। ਖਬਰਾਂ ਮੁਤਾਬਕ ਇਹ ਘਟਨਾ ਮੁੰਬਈ ਪੁਣੇ ਐਕਸਪ੍ਰੈਸ ਹਾਈਵੇਅ 'ਤੇ ਵਾਪਰੀ। ਇਸ ਹਾਦਸੇ 'ਚ ਅਭਿਨੇਤਰੀ ਗੰਭੀਰ ਜ਼ਖਮੀ ਹੋ ਗਈ ਹੈ। ਨਿਉਜ਼ ਏਜੰਸੀ ਏਐੱਨਆਈ ਨੇ ਪੁਲਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕਰ ਜਤਾਈ ਚਿੰਤਾ
ਅਦਾਕਾਰਾ ਸ਼ਬਾਨਾ ਆਜ਼ਮੀ ਦੇ ਜ਼ਖਮੀ ਹੋਣ ਦੀ ਖ਼ਬਰ ਤੋਂ ਬਾਅਦ ਸਾਰਾ ਬਾਲੀਬੁਡ ਸਖ਼ਤੇ 'ਚ ਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ, "ਹਾਦਸੇ ਵਿੱਚ ਸ਼ਬਾਨਾ ਆਜ਼ਮੀ ਜੀ ਦੇ ਸੱਟ ਲੱਗਣ ਦੀ ਖ਼ਬਰ ਦੁਖਦਾਈ ਹੈ। ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰਦਾ ਹਾਂ।"
ਐੱਮਜੀਐੱਮ ਹਸਪਤਾਲ 'ਚ ਚੱਲ ਰਿਹਾ ਇਲਾਜ਼
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਸ਼ਬਾਨਾ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਸ਼ਬਾਨਾ ਆਜ਼ਮੀ ਨੂੰ ਐੱਮਜੀਐੱਮ ਹਸਪਤਾਲ ਲੈ ਜਾਇਆ ਗਿਆਹੈ। ਪੁਲਿਸ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ, ਜਿਸ ਤੋਂ ਬਾਅਦ ਇਹ ਵੱਡਾ ਹਾਦਸਾ ਵਾਪਰਿਆ।
ਅਭਿਨੇਤਰੀ ਦਾ ਡਰਾਈਵਰ ਵੀ ਜ਼ਖ਼ਮੀ
ਅਭਿਨੇਤਰੀ ਦੇ ਨਾਲ-ਨਾਲ ਉਸ ਦੇ ਡਰਾਈਵਰ ਨੂੰ ਵੀ ਕਾਫ਼ੀ ਸੱਟਾਂ ਲੱਗੀਆਂ ਹਨ। ਜਾਵੇਦ ਅਖ਼ਤਰ ਵੀ ਉਨ੍ਹਾਂ ਦੇ ਨਾਲ ਕਾਰ ਵਿੱਚ ਮੌਜੂਦ ਸੀ ਪਰ ਉਹ ਬਿਲਕੁਲ ਸੁਰੱਖਿਅਤ ਹਨ। ਘਟਨਾ ਸਥਾਨ ਤੋਂ ਆ ਰਹੀਆਂ ਤਸਵੀਰਾਂ ਨੂੰ ਵੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਿੰਨ੍ਹਾ ਵੱਡਾ ਹਾਦਸਾ ਹੋਇਆ ਹੈ। ਫੋਟੋ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹੈ।
ਸ਼ਬਾਨਾ ਆਜ਼ਮੀ ਹੋਈ ਸੜਕ ਹਾਦਸੇ ਦੀ ਸ਼ਿਕਾਰ
ਕਿਵੇਂ ਹੋਇਆ ਹਾਦਸਾ
ਘਟਨਾ ਦੇ ਸਬੰਧ ਵਿੱਚ ਰਾਏਗੜ ਦੇ ਪੁਲਿਸ ਸੁਪਰਡੈਂਟ ਅਨਿਲ ਪਾਰਸਕਰ ਨੇ ਦੱਸਿਆ ਕਿ ਇਹ ਹਾਦਸਾ ਮੁੰਬਈ ਤੋਂ 60 ਕਿਲੋਮੀਟਰ ਦੂਰ ਖਾਲਾਪੁਰ ਦੇ ਨੇੜੇ ਦੁਪਹਿਰ 3:30 ਵਜੇ ਵਾਪਰਿਆ। ਕਾਰ ਸ਼ਬਾਨਾ ਆਜ਼ਮੀ ਨਾਲ ਯਾਤਰਾ ਕਰ ਰਹੀ ਸੀ। ਉਹ ਟਰੱਕ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਆਜ਼ਮੀ ਨੂੰ ਮੁੰਬਈ ਦੇ ਐਮਜੀਐਮ ਹਸਪਤਾਲ ਲਿਜਾਇਆ ਗਿਆ ਹੈ। ਫਿਲਹਾਲ ਉਸ ਦਾ ਇਲਾਜ ਚੱਲ ਰਿਹਾ ਹੈ।
ਰਾਸ਼ਟਰੀ ਫ਼ਿਲਮ ਪੁਰਸਕਾਰ ਨਾਲ ਸਮਨਮਾਨਿਤ
ਸ਼ਬਾਨਾ ਆਜ਼ਮੀ ਨੂੰ 5 ਵਾਰ ਰਾਸ਼ਟਰੀ ਫ਼ਿਲਮ ਦਾ ਪੁਰਸਕਾਰ ਮਿਲ ਚੁੱਕਾ ਹੈ ਅਤੇ ਸਾਲ 1998 ਵਿੱਚ ਉਸ ਨੂੰ ਪਦਮ ਸ਼੍ਰੀ ਪੁਰਸਕਾਰ ਵੀ ਮਿਲਿਆ ਹੈ। ਮਹਾਨ ਅਦਾਕਾਰਾ ਸ਼ਬਾਨਾ ਆਜ਼ਮੀ ਆਪਣੀ ਜ਼ਬਰਦਸਤ ਅਦਾਕਾਰੀ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ 'ਅੰਕੁਰ', 'ਧਰਤੀ', 'ਮੰਡੀ' ਵਰਗੀਆਂ ਕਈ ਫਿਲਮਾਂ 'ਚ ਯਾਦਗਾਰੀ ਅਦਾਕਾਰੀ ਕੀਤੀ ਹੈ।
ਦੱਸਣਯੋਗ ਹੈ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਜਾਵੇਦ ਅਖਤਰ ਦਾ ਜਨਮਦਿਨ ਪੂਰੇ ਪਰਿਵਾਰ ਨਾਲ ਮਨਾਇਆ ਸੀ।