ਮੁੰਬਈ: ਅਭਿਸ਼ੇਕ ਬੱਚਨ ਅਤੇ ਰਾਣੀ ਮੁਖ਼ਰਜੀ ਦੀ ਫ਼ਿਲਮ ਬੰਟੀ ਔਰ ਬੱਬਲੀ ਦੇ ਸੀਕੁਅਲ ਦਾ ਆਫ਼ੀਸ਼ਲ ਐਲਾਨ ਹੋ ਚੁੱਕਾ ਹੈ। ਸਾਲ 2005 'ਚ ਰੀਲੀਜ਼ ਹੋਈ ਇਹ ਫ਼ਿਲਮ ਹਿੱਟ ਸਾਬਿਤ ਹੋਈ ਸੀ। ਲਗਭਗ 14 ਸਾਲਾਂ ਬਾਅਦ ਇਸ ਦੇ ਸੀਕੁਅਲ ਦਾ ਐਲਾਨ ਹੋ ਗਿਆ ਹੈ। ਯਸ਼ਰਾਜ ਫ਼ਿਲਮਸ ਨੇ ਆਪਣੇ ਟਵੀਟਰ ਹੈਂਡਲ 'ਤੇ ਬੰਟੀ ਔਰ ਬਬਲੀ 2 ਬਣਾਉਣ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਇਸ ਫ਼ਿਲਮ ਰਾਹੀਂ ਸੈਫ਼ ਅਲੀ ਖ਼ਾਨ ਅਤੇ ਰਾਣੀ ਮੁਖ਼ਰਜੀ ਦੀ ਜੋੜੀ ਵੱਡੇ ਪਰਦੇ 'ਤੇ ਇੱਕ ਵਾਰ ਮੁੜ ਤੋਂ ਨਜ਼ਰ ਆਵੇਗੀ। ਸੈਫ਼ ਅਤੇ ਰਾਣੀ 11 ਸਾਲ ਬਾਅਦ ਦੋਬਾਰਾ ਇੱਕਠੇ ਨਜ਼ਰ ਆਉਣਗੇ। ਯਸ਼ਰਾਜ ਫ਼ਿਲਮਸ ਨੇ ਟਵੀਟ ਕਰ ਲਿਖਿਆ, "ਸੈਫ਼ ਅਲੀ ਖ਼ਾਨ ਅਤੇ ਰਾਣੀ ਮੁਖ਼ਰਜੀ ਆਪਣਾ ਜਾਦੂ ਬੰਟੀ ਔਰ ਬਬਲੀ 2 'ਚ ਵਾਪਿਸ ਲੈਕੇ ਆ ਰਹੇ ਹਨ।"
ਫ਼ਿਲਮ 'ਚ ਹੋਣਗੇ ਨਵੇਂ ਬੰਟੀ ਬਬਲੀ
ਇਸ ਫ਼ਿਲਮ 'ਚ ਇੱਕ ਟਵੀਸਟ ਹੈ, ਸੈਫ਼ ਅਲੀ ਖ਼ਾਨ ਅਤੇ ਰਾਣੀ ਮੁਖ਼ਰਜੀ ਬਤੌਰ ਜੋੜੀ ਫ਼ਿਲਮ 'ਚ ਜ਼ਰੂਰ ਨਜ਼ਰ ਆਉਣ ਵਾਲੇ ਹਨ ਪਰ ਦੋਵੇਂ ਬੰਟੀ ਅਤੇ ਬਬਲੀ ਨਹੀਂ ਹੋਣਗੇ। ਇਸ ਫ਼ਿਲਮ 'ਚ ਅਦਾਕਾਰ ਸਿਧਾਂਤ ਚਤੁਰਵੇਦੀ ਅਤੇ ਸ਼ਰਵਾਰੀ ਨਵੇਂ ਬੰਟੀ ਬਬਲੀ ਹੋਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਵਰੁਣ ਸ਼ਰਮਾ ਵੱਲੋਂ ਕੀਤਾ ਜਾ ਰਿਹਾ ਹੈ।
ਅਭਿਸ਼ੇਕ ਕਿਉਂ ਨਹੀਂ ਬਣੇ ਫ਼ਿਲਮ ਦਾ ਹਿੱਸਾ ?
ਇਸ ਫ਼ਿਲਮ ਦਾ ਐਲਾਨ ਹੋਣ ਦੇ ਨਾਲ ਸਪਸ਼ਟ ਹੋ ਗਿਆ ਕਿ ਅਭਿਸ਼ੇਕ ਬੱਚਨ ਇਸ ਫ਼ਿਲਮ ਦਾ ਹਿੱਸਾ ਨਹੀਂ ਹੋਣਗੇ। ਰਾਣੀ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਅਭਿਸ਼ੇਕ ਤੇ ਮੈਨੂੰ ਇਹ ਰੋਲ ਆਫ਼ਰ ਹੋਏ ਸਨ ਪਰ ਕੁਝ ਕਾਰਨਾਂ ਕਰਕੇ ਅਭਿਸ਼ੇਕ ਇਸ ਫ਼ਿਲਮ ਦਾ ਹਿੱਸਾ ਨਹੀਂ ਬਣ ਪਾਏ।
ਜ਼ਿਕਰਯੋਗ ਹੈ ਕਿ ਬੰਟੀ ਅਤੇ ਬਬਲੀ 2 ਸੈਫ਼ ਅਤੇ ਰਾਣੀ ਦੀ ਇੱਕਠੇ ਚੌਥੀ ਫ਼ਿਲਮ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹਮ ਤੁਮ (2004), ਤਾਰਾ ਰਮ ਪਮ (2007) ਅਤੇ ਥੋੜਾ ਪਿਆਰ ਥੋੜਾ ਮੈਜਿਕ (2008) 'ਚ ਕੰਮ ਕਰ ਚੁੱਕੇ ਹਨ।