ਵਾਸ਼ਿੰਗਟਨ (ਅਮਰੀਕਾ):ਐਲੋਨ ਮਸਕ ਨੇ ਮੰਗਲਵਾਰ ਨੂੰ ਟਵਿੱਟਰ ਅਕਾਊਂਟ ਦੇ ਵੈਰੀਫਿਕੇਸ਼ਨ ਲਈ ਇਸਤੇਮਾਲ ਹੋਣ ਵਾਲੇ ਬਲੂ ਟਿਕ ਨੂੰ ਲੈ ਕੇ ਨਵਾਂ ਐਲਾਨ ਕੀਤਾ ਹੈ। ਮਸਕ ਨੇ ਕਿਹਾ ਕਿ ਹੁਣ ਵਿਰਾਸਤੀ ਬਲੂ ਟਿਕ ਨੂੰ ਖਤਮ ਕਰਨ ਦੀ ਤਰੀਕ ਤੈਅ ਕਰ ਲਈ ਗਈ ਹੈ। ਇਸ ਤੋਂ ਬਾਅਦ ਯੂਜ਼ਰ ਨੂੰ ਟਵਿਟਰ ਵੈਰੀਫਿਕੇਸ਼ਨ ਟਿਕ ਦੇ ਤੌਰ 'ਤੇ ਬਲੂ ਟਿਕ ਲਈ ਭੁਗਤਾਨ ਕਰਨਾ ਹੋਵੇਗਾ। ਜਿਸ ਦਾ ਐਲਾਨ ਪਹਿਲਾ ਹੀ ਕੀਤਾ ਜਾ ਚੁੱਕਾ ਹੈ। ਮਸਕ ਨੇ ਕਿਹਾ ਕਿ 20 ਅਪ੍ਰੈਲ ਤੋਂ ਬਾਅਦ ਕਿਸੇ ਨੂੰ ਵੀ ਬਿਨਾਂ ਭੁਗਤਾਨ ਕੀਤੇ ਬਲੂ ਟਿਕ ਨਹੀਂ ਮਿਲੇਗਾ। ਸਿਰਫ਼ ਉਨ੍ਹਾਂ ਯੂਜ਼ਰਾਂ ਨੂੰ ਬਲੂ ਟਿਕ ਮਿਲੇਗਾ ਜੋ ਟਵਿੱਟਰ ਬਲੂ ਦੇ ਸਬਸਕ੍ਰਾਇਬਰ ਹਨ।
ਸਾਲ 2009 ਵਿੱਚ ਸ਼ੁਰੂ ਹੋਈ ਸੀ ਬਲੂ ਟਿਕ ਸੇਵਾ: ਟਵਿੱਟਰ ਨੇ ਪਹਿਲੀ ਵਾਰ 2009 ਵਿੱਚ ਬਲੂ ਟਿਕ ਸੇਵਾ ਦੀ ਸ਼ੁਰੂਆਤ ਕੀਤੀ ਸੀ ਤਾਂਕਿ ਯੂਜ਼ਰਸ ਨੂੰ ਮਸ਼ਹੂਰ ਹਸਤੀਆਂ, ਸਿਆਸਤਦਾਨਾਂ, ਕੰਪਨੀਆਂ ਅਤੇ ਬ੍ਰਾਂਡਾਂ, ਸਮਾਚਾਰ ਸੰਗਠਨਾਂ ਦੇ ਅਸਲੀ ਅਕਾਓਟਾਂ ਦੀ ਪਛਾਣ ਕਰਨ ਵਿੱਚ ਮਦਦ ਮਿਲ ਸਕੇ। ਕੰਪਨੀ ਪਹਿਲਾਂ ਵੈਰੀਫਿਕੇਸ਼ਨ ਲਈ ਕੋਈ ਵੀ ਚਾਰਜ ਨਹੀਂ ਲੈਂਦੀ ਸੀ।
ਟਵਿਟਰ ਬਲੂ ਦੀ ਸਬਸਕ੍ਰਿਪਸ਼ਨ ਕੀਮਤ:ਦੱਸ ਦੇਈਏ ਕਿ ਟਵਿਟਰ ਬਲੂ ਦੀ ਸਬਸਕ੍ਰਿਪਸ਼ਨ ਕੀਮਤ ਹਰ ਖੇਤਰ ਲਈ ਵੱਖ-ਵੱਖ ਹੈ। ਟਵਿੱਟਰ ਦੇ ਅਨੁਸਾਰ, ਅਮਰੀਕਾ ਵਿੱਚ ਆਈਓਐਸ ਜਾਂ ਐਂਡਰਾਇਡ ਯੂਜ਼ਰ ਨੂੰ ਟਵਿੱਟਰ ਬਲੂ ਦੇ ਇੱਕ ਮਹੀਨੇ ਦੇ ਸਬਸਕ੍ਰਿਪਸ਼ਨ ਲਈ 11 ਅਮਰੀਕੀ ਡਾਲਰ ਅਤੇ ਇੱਕ ਸਾਲ ਦੇ ਸਬਸਕ੍ਰਿਪਸ਼ਨ ਲਈ 114.99 ਅਮਰੀਕੀ ਡਾਲਰ ਦਾ ਭੁਗਤਾਨ ਕਰਨਾ ਪਵੇਗਾ। ਦੂਜੇ ਪਾਸੇ, ਜੇਕਰ ਤੁਸੀਂ ਵੈੱਬ 'ਤੇ ਟਵਿੱਟਰ ਬਲੂ ਦਾ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਤਾਂ ਅਮਰੀਕਾ ਵਿੱਚ 8 ਡਾਲਰ ਪ੍ਰਤੀ ਮਹੀਨਾ ਅਤੇ 84 ਡਾਲਰ ਪ੍ਰਤੀ ਸਾਲ ਦਾ ਭੁਗਤਾਨ ਕਰਨਾ ਹੋਵੇਗਾ। ਪਹਿਲਾ ਟਵਿੱਟਰ ਨੇ ਘੋਸ਼ਣਾ ਕੀਤੀ ਸੀ ਕਿ ਉਹ 1 ਅਪ੍ਰੈਲ ਤੋਂ ਵਿਰਾਸਤੀ ਬਲੂ ਟਿਕ ਨੂੰ ਹਟਾਉਣ ਦੀ ਸ਼ੁਰੂਆਤ ਕਰੇਗਾ।