ਹੈਦਰਾਬਾਦ:ਮੇਟਾ ਜਨਵਰੀ ਤੋਂ ਟਵਿੱਟਰ ਦੇ ਪ੍ਰਤੀਯੋਗੀ ਐਪ 'ਤੇ ਕੰਮ ਕਰ ਰਹੀ ਸੀ। ਹੁਣ ਲੱਗਦਾ ਹੈ ਕਿ ਇਸ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਜਲਦ ਹੀ ਇਸ ਐਪ ਨੂੰ ਲਾਂਚ ਕੀਤਾ ਜਾ ਸਕਦਾ ਹੈ। ਟਿਪਸਟਰ ਅਭਿਸ਼ੇਕ ਯਾਦਵ ਦੇ ਮੁਤਾਬਕ ਕੰਪਨੀ ਇਸ ਐਪ ਨੂੰ 6 ਜੁਲਾਈ ਨੂੰ ਲਾਂਚ ਕਰ ਸਕਦੀ ਹੈ। ਥ੍ਰੈਡਸ ਐਪ ਨੂੰ ਮੈਟਾ ਦੁਆਰਾ ਐਪ ਸਟੋਰ ਵਿੱਚ ਸੂਚੀਬੱਧ ਕੀਤਾ ਗਿਆ ਹੈ। ਜਿੱਥੇ ਇਸਦੀ ਲਾਂਚ ਮਿਤੀ 6 ਜੁਲਾਈ ਦੱਸੀ ਗਈ ਹੈ। ਇਹ ਐਪ ਟਵਿੱਟਰ ਦੀ ਤਰ੍ਹਾਂ ਹੀ ਹੈ। ਜਿਸ 'ਚ ਤੁਸੀਂ ਟਵੀਟ, ਰੀ-ਟਵੀਟ, ਲਾਈਕ, ਸ਼ੇਅਰ, ਕਮੈਂਟ ਆਦਿ ਕਰ ਸਕਦੇ ਹੋ। ਐਪ ਬਾਰੇ ਪੂਰੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਕਿ ਇਹ ਵੈਰੀਫਿਕੇਸ਼ਨ ਲਈ ਪੈਸੇ ਵੀ ਲਵੇਗੀ ਜਾਂ ਨਹੀਂ।
ਟਵਿਟਰ ਤੋਂ ਬਾਅਦ ਮੇਟਾ ਨੇਇੰਸਟਾਗ੍ਰਾਮ ਅਤੇ ਫੇਸਬੁੱਕ ਲਈ ਪੇਡ ਵੈਰੀਫਿਕੇਸ਼ਨ ਸੇਵਾ ਲਿਆਂਦੀ ਸੀ:ਦਰਅਸਲ, ਟਵਿਟਰ ਤੋਂ ਬਾਅਦ ਮੇਟਾ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਲਈ ਪੇਡ ਵੈਰੀਫਿਕੇਸ਼ਨ ਸੇਵਾ ਲਿਆਂਦੀ ਸੀ ਅਤੇ ਇਹ ਸੇਵਾਵਾਂ ਭਾਰਤ ਵਿੱਚ ਵੀ ਲਾਈਵ ਹੋ ਗਈਆਂ ਹਨ। ਅਜਿਹੇ 'ਚ ਸੰਭਵ ਹੈ ਕਿ ਕੰਪਨੀ ਨਵੀਂ ਐਪ 'ਚ ਵੀ ਕੁਝ ਅਜਿਹਾ ਹੀ ਫੀਚਰ ਦੇਵੇਗੀ।
ਥ੍ਰੈਡਸ ਐਪ ਨੂੰ ਇਸ ਤਰ੍ਹਾਂ ਕੀਤਾ ਜਾ ਸਕਦੈ ਲੌਗਇਨ:ਥ੍ਰੈਡਸ ਐਪ ਨੂੰ ਯੂਜ਼ਰਸ ਆਪਣੀ ਇੰਸਟਾਗ੍ਰਾਮ ਆਈਡੀ ਦੀ ਮਦਦ ਨਾਲ ਲੌਗਇਨ ਕਰ ਸਕਣਗੇ। ਯਾਨੀ ਤੁਹਾਨੂੰ ਨਵੇਂ ਅਕਾਊਟ ਦੀ ਲੋੜ ਨਹੀਂ ਪਵੇਗੀ। ਇਸਦੇ ਨਾਲ ਹੀ ਇਹ ਐਪ ਤੁਹਾਨੂੰ ਉਨ੍ਹਾਂ ਲੋਕਾਂ ਨੂੰ ਫਾਲੋ ਕਰਨ ਦਾ ਵਿਕਲਪ ਦੇਵੇਗੀ ਜੋ ਇੰਸਟਾਗ੍ਰਾਮ ਅਤੇ ਥ੍ਰੈਡਸ ਦੋਵਾਂ 'ਤੇ ਹਨ, ਜਿਸਦਾ ਮਤਲਬ ਹੈ ਕਿ ਤੁਸੀਂ ਇੱਥੇ ਆਪਣੇ ਇੰਸਟਾਗ੍ਰਾਮ ਦੋਸਤਾਂ ਨਾਲ ਆਸਾਨੀ ਨਾਲ ਜੁੜ ਸਕੋਗੇ।
ਸਾਬਕਾ ਸੀਈਓ ਵੀ ਟਵਿਟਰ ਨੂੰ ਦੇ ਰਹੇ ਟੱਕਰ:ਮੇਟਾ ਨਾ ਸਿਰਫ ਟਵਿੱਟਰ ਨਾਲ ਮੁਕਾਬਲਾ ਕਰਨ ਜਾ ਰਿਹਾ ਹੈ, ਸਗੋਂ ਕੰਪਨੀ ਦੇ ਸਾਬਕਾ ਸੀਈਓ ਜੈਕ ਡੋਰਸੀ ਵੀ ਬਲੂਸਕੀ ਦੇ ਜ਼ਰੀਏ ਟਵਿਟਰ ਨੂੰ ਚੁਣੌਤੀ ਦੇ ਰਹੇ ਹਨ। ਹਾਲ ਹੀ ਵਿੱਚ ਮਸਕ ਦੁਆਰਾ ਪਲੇਟਫਾਰਮ 'ਤੇ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਲੋਕ ਟਵਿੱਟਰ ਛੱਡ ਕੇ ਬਲੂਸਕੀ ਵੱਲ ਵਧ ਰਹੇ ਹਨ। ਐਪ ਨੂੰ ਅਚਾਨਕ ਇੰਨਾ ਜ਼ਿਆਦਾ ਟ੍ਰੈਫਿਕ ਮਿਲ ਗਿਆ ਕਿ ਇਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਨਵੇਂ ਲੌਗਇਨ ਬੰਦ ਹੋ ਗਏ। ਇਸ ਤੋਂ ਬਾਅਦ ਕੰਪਨੀ ਨੇ ਇਕ ਬਿਆਨ ਜਾਰੀ ਕਰ ਕੇ ਲੋਕਾਂ ਨੂੰ ਦੱਸਿਆ ਕਿ ਐਪ 'ਚ ਜ਼ਿਆਦਾ ਟ੍ਰੈਫਿਕ ਹੋਣ ਕਾਰਨ ਇਹ ਡਾਊਨ ਹੋ ਗਿਆ ਹੈ, ਜਿਸ ਨੂੰ ਜਲਦ ਠੀਕ ਕਰ ਦਿੱਤਾ ਜਾਵੇਗਾ।