ਨਵੀਂ ਦਿੱਲੀ : ਮੋਟੋਰੋਲਾ ਨੇ ਵਾਲਮਾਰਟ ਸਮਰਥਿਤ ਫ਼ਲਿਪਕਾਰਟ ਦੇ ਨਾਲ ਹੱਥ ਮਿਲਾਇਆ ਹੈ। ਇਸ ਹਿੱਸੇਦਾਰੀ ਦੇ ਨਾਲ ਮੋਟੋਰੋਲਾ ਭਾਰਤ ਦੇ ਸਮਾਰਟ ਟੀਵੀ ਬਾਜ਼ਾਰ ਵਿੱਚ ਆ ਗਈ ਹੈ। ਇਸ ਦੇ ਨਾਲ ਹੀ ਮੋਟੋਰੋਲਾ ਉਨ੍ਹਾਂ ਕੰਪਨੀਆਂ ਵਿੱਚ ਸ਼ਾਮਲ ਹੋ ਗਈ ਹੈ ਜੋ ਭਾਰਤ ਵਿੱਚ ਸਮਾਰਟਫ਼ੋਨਾਂ ਦੇ ਨਾਲ ਸਮਾਰਟ ਟੀਵੀ ਬਾਜ਼ਾਰ ਵਿੱਚ ਵੀ ਹੈ।
ਇੰਨ੍ਹਾਂ ਕੰਪਨੀਆਂ ਵਿੱਚ ਸੈਮਸੰਗ, ਸ਼ਾਓਮੀ, ਮਾਇਕਰੋਮੈਕਸ ਅਤੇ ਇੰਟੈਕਸ ਸ਼ਾਮਲ ਹਨ। ਇੱਕ ਹੋਰ ਮਹਿੰਗੇ ਸਮਾਰਟਫ਼ੋਨ ਬਣਾਉਣ ਵਾਲੀ ਕੰਪਨੀ ਵੰਨ-ਪਲੱਸ ਦੀ ਯੋਜਨਾ ਵੀ ਇਸੇ ਮਹੀਨੇ ਆਪਣਾ ਸਮਾਰਟ ਟੀਵੀ ਪੇਸ਼ ਕਰਨ ਦੀ ਹੈ। ਮੋਟੋਰੋਲਾ ਐਂਡਰਾਇਡ 9.0 ਸਮਾਰਟ ਟੀਵੀ ਹਾਈ ਡੈਫ਼ਿਨੇਸ਼ਨ (ਐੱਚੀਡੀ), ਫ਼ੁੱਲ ਐੱਚਡੀ ਅਤੇ ਅਲਟਰਾ ਐੱਚਡੀ (4ਕੇ) ਮਾਡਲਾਂ ਵਿੱਚ ਉਪਲੱਭਧ ਹੋਣਗੇ।
ਮੋਟੋਰੋਲਾ ਨੇ ਸਮਾਰਟ ਟੀਵੀ ਦਾ ਵਿਕਾਸ ਈ-ਵਪਾਰ ਖ਼ੇਤਰ ਦੀ ਮਸ਼ਹੂਰ ਫ਼ਲਿਪਕਾਰਟ ਦੇ ਨਾਲ ਕੀਤਾ ਹੈ। ਇਹ ਟੀਵੀ ਸੈੱਟ 32 ਇੰਚੀ ਤੋਂ 65 ਇੰਚੀ ਮਾਪ ਵਿੱਚ ਉਪਲੱਭਧ ਹੋਣਗੀਆਂ। ਇੰਨ੍ਹਾਂ ਦੀ ਕੀਮਤ 13,999 ਰੁਪਏ ਤੋਂ ਸ਼ੁਰੂ ਹੋਵੇਗੀ। ਭਾਰਤੀ ਬਾਜ਼ਾਰ ਵਿੱਚ ਮੋਟੋਰੋਲਾ ਦੇ ਟੀਵੀ 29 ਸੰਤਬਰ ਤੋਂ ਆ ਜਾਣਗੇ।