ਹੈਦਰਾਬਾਦ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ.ਸੋਮਨਾਥ ਨੇ ਪੁਸ਼ਟੀ ਕੀਤੀ ਹੈ ਕਿ ਚੰਦਰਯਾਨ-3 ਕਦੋਂ ਲਾਂਚ ਕੀਤਾ ਜਾਵੇਗਾ। ਪਹਿਲਾ ਕਿਹਾ ਜਾ ਰਿਹਾ ਸੀ ਕਿ ਚੰਦਰਯਾਨ-3 ਦੀ ਲਾਂਚਿੰਗ ਜੁਲਾਈ ਦੀ 12 ਤੋਂ 25 ਦੇ ਵਿਚਕਾਰ ਹੋਵੇਗੀ। ਪਰ ਬੁੱਧਵਾਰ ਨੂੰ ਇਸਰੋ ਮੁਖੀ ਨੇ ਕਿਹਾ ਕਿ ਲਾਂਚਿੰਗ 12 ਤੋਂ 19 ਜੁਲਾਈ ਦੇ ਵਿਚਕਾਰ ਕੀਤੀ ਜਾਵੇਗੀ। ਸਾਰੇ ਟੈਸਟ ਹੋ ਚੁੱਕੇ ਹਨ। ਪੇਲੋਡ ਲਗਾਏ ਗਏ ਹਨ। ਲਾਂਚ ਦੀ ਅਸਲ ਤਰੀਕ ਦਾ ਐਲਾਨ ਕੁਝ ਦਿਨਾਂ ਵਿੱਚ ਕੀਤਾ ਜਾਵੇਗਾ।
ਚੰਦਰਯਾਨ-2 ਵਾਲੀਆਂ ਗਲਤੀਆਂ ਇਸ ਵਾਰ ਨਹੀਂ: ਇਸ ਤੋਂ ਪਹਿਲਾਂ ਵੀ ਇਸਰੋ ਮੁਖੀ ਨੇ ਵਿਕਰਮ ਲੈਂਡਰ ਨਾਲ ਪਿਛਲੀ ਵਾਰ ਕੀ ਹੋਇਆ ਸੀ, ਇਸ ਬਾਰੇ ਜਾਣਕਾਰੀ ਦਿੱਤੀ ਸੀ। ਪਰ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਅਜਿਹਾ ਨਹੀਂ ਹੋਵੇਗਾ। ਕਿਉਂਕਿ ਇਸ ਵਾਰ ਚੰਦਰਯਾਨ-3 ਦੇ ਲੈਂਡਰ ਦੀ ਲੈਂਡਿੰਗ ਤਕਨੀਕ ਬਦਲ ਦਿੱਤੀ ਗਈ ਹੈ। ਮਤਲਬ ਚੰਦਰਯਾਨ-2 ਦੀਆਂ ਗਲਤੀਆਂ ਇਸ ਵਾਰ ਨਹੀਂ ਹੋਣਗੀਆਂ। ਚੰਦਰਯਾਨ-3 ਦੀ ਲੈਂਡਿੰਗ ਤਕਨੀਕ ਨੂੰ ਨਵੇਂ ਤਰੀਕੇ ਨਾਲ ਬਣਾਇਆ ਗਿਆ ਹੈ।
ਪੁਲਾੜ ਯਾਨ ਦੇ ਜ਼ਿਆਦਾਤਰ ਪ੍ਰੋਗਰਾਮ ਪਹਿਲਾਂ ਹੀ ਆਟੋਮੈਟਿਕ:ਚੰਦਰਯਾਨ-3 ਮਿਸ਼ਨ 'ਚ ਇਸਰੋ ਸਿਰਫ ਲੈਂਡਰ ਅਤੇ ਰੋਵਰ ਹੀ ਭੇਜ ਰਿਹਾ ਹੈ। ਉਥੇ ਹੀ, ਲੈਂਡਰ-ਰੋਵਰ ਦਾ ਸੰਪਰਕ ਚੰਦਰਮਾ ਦੇ ਦੁਆਲੇ ਘੁੰਮ ਰਹੇ ਚੰਦਰਯਾਨ-2 ਦੇ ਆਰਬਿਟਰ ਨਾਲ ਜੁੜਿਆ ਹੋਵੇਗਾ। ਇਸ ਪੁਲਾੜ ਯਾਨ ਦੇ ਜ਼ਿਆਦਾਤਰ ਪ੍ਰੋਗਰਾਮ ਪਹਿਲਾਂ ਹੀ ਆਟੋਮੈਟਿਕ ਹਨ। ਸੈਂਕੜੇ ਸੈਂਸਰ ਲਗਾਏ ਗਏ ਹਨ। ਜਿਸ ਨਾਲ ਇਸ ਦੀ ਲੈਂਡਿੰਗ ਅਤੇ ਹੋਰ ਕੰਮਾਂ 'ਚ ਮਦਦ ਮਿਲੇਗੀ।
ਇਸ ਵਿੱਚ ਲੱਗੇ ਸੈਂਸਰ ਇਹ ਕੰਮ ਕਰਨ 'ਚ ਹੋਣਗੇ ਮਦਦਗਾਰ:ਸੈਂਸਰ ਲੈਂਡਰ ਦੀ ਲੈਂਡਿੰਗ ਸਮੇਂ ਉਚਾਈ, ਲੈਂਡਿੰਗ ਸਥਾਨ, ਗਤੀ, ਪੱਥਰਾਂ ਤੋਂ ਲੈਂਡਰ ਨੂੰ ਬਚਾਉਣ ਵਿੱਚ ਮਦਦ ਕਰਨਗੇ। ਚੰਦਰਯਾਨ-3 7 ਕਿਲੋਮੀਟਰ ਦੀ ਉਚਾਈ ਤੋਂ ਚੰਦਰਮਾ ਦੀ ਸਤ੍ਹਾ 'ਤੇ ਉਤਰਨਾ ਸ਼ੁਰੂ ਕਰੇਗਾ। 2 ਕਿਲੋਮੀਟਰ ਦੀ ਉਚਾਈ 'ਤੇ ਪਹੁੰਚਦੇ ਹੀ ਸੈਂਸਰ ਸਰਗਰਮ ਹੋ ਜਾਣਗੇ। ਇਨ੍ਹਾਂ ਮੁਤਾਬਕ ਲੈਂਡਰ ਆਪਣੀ ਦਿਸ਼ਾ, ਸਪੀਡ ਅਤੇ ਲੈਂਡਿੰਗ ਸਾਈਟ ਤੈਅ ਕਰੇਗਾ।
ਚੰਦਰਯਾਨ-2 ਤੇਜ਼ੀ ਨਾਲ ਘੁੰਮਦੇ ਹੋਏ ਜ਼ਮੀਨ 'ਤੇ ਡਿੱਗ ਗਿਆ ਸੀ: ਇਸਰੋ ਦੇ ਵਿਗਿਆਨੀ ਇਸ ਵਾਰ ਲੈਂਡਿੰਗ ਨੂੰ ਲੈ ਕੇ ਕੋਈ ਗਲਤੀ ਨਹੀਂ ਕਰਨਾ ਚਾਹੁੰਦੇ। ਚੰਦਰਯਾਨ-2 ਦੇ ਸੈਂਸਰਾਂ 'ਚ ਦਿੱਕਤਾਂ ਕਾਰਨ ਹਾਰਡ ਲੈਂਡਿੰਗ ਹੋਈ ਸੀ। ਜਿਸ ਕਾਰਨ ਚੰਦਰਯਾਨ-2 ਤੇਜ਼ੀ ਨਾਲ ਘੁੰਮਦੇ ਹੋਏ ਜ਼ਮੀਨ 'ਤੇ ਡਿੱਗ ਗਿਆ ਸੀ।
ਚੰਦਰਯਾਨ-2 ਨਾਲੋਂ ਵੱਖਰਾ ਹੋਵੇਗਾ ਚੰਦਰਯਾਨ-3:ਚੰਦਰਯਾਨ-2 ਦੇ ਲੈਂਡਰ ਵਾਂਗ ਚੰਦਰਯਾਨ-3 ਦੇ ਲੈਂਡਰ ਵਿੱਚ ਪੰਜ ਨਹੀਂ ਸਗੋਂ ਚਾਰ ਥਰੋਟਲ ਇੰਜਣ ਹੋਣਗੇ। ਚੰਦਰਯਾਨ-2 ਦੇ ਵਿਕਰਮ ਲੈਂਡਰ ਵਿੱਚ ਪੰਜ ਥਰੋਟਲ ਇੰਜਣ ਸਨ। ਜਿਸ ਵਿੱਚੋਂ ਇੱਕ ਵਿੱਚ ਨੁਕਸ ਪੈਣ ਕਾਰਨ ਲੈਂਡਿੰਗ ਖ਼ਰਾਬ ਹੋ ਗਈ ਸੀ। ਇਸ ਵਾਰ ਚੰਦਰਯਾਨ-3 ਦੇ ਲੈਂਡਰ 'ਚ ਲੇਜ਼ਰ ਡੋਪਲਰ ਵੇਲੋਸੀਮੀਟਰ (LDV) ਲਗਾਉਣ ਦੀ ਵੀ ਖਬਰ ਹੈ। ਇਹ ਲੈਂਡਿੰਗ ਨੂੰ ਬਹੁਤ ਸੌਖਾ ਬਣਾ ਸਕਦਾ ਹੈ।
ਚੰਦਰਯਾਨ-3 ਨੂੰ GSLV-MK-3 ਰਾਕੇਟ ਤੋਂ ਲਾਂਚ ਕੀਤਾ ਜਾਵੇਗਾ: ਇਸ ਲਈ ਔਰਬਿਟਰ ਇਹ ਜਾਣਕਾਰੀ ਇਕੱਠੀ ਕਰੇਗਾ। ਉਹ ਇਸਨੂੰ ਧਰਤੀ ਉੱਤੇ ਭੇਜੇਗਾ। ਚੰਦਰਯਾਨ-3 ਨੂੰ GSLV-MK-3 ਰਾਕੇਟ ਤੋਂ ਲਾਂਚ ਕੀਤਾ ਜਾਵੇਗਾ। ਲਾਂਚਿੰਗ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਹੋਵੇਗੀ। ਪਿਛਲੇ ਸਾਲ, ਬੇਂਗਲੁਰੂ ਤੋਂ 215 ਕਿਲੋਮੀਟਰ ਦੂਰ ਚਲਾਕੇਰੇ ਨੇੜੇ ਉਲਰਥੀ ਕਵਾਲੂ ਵਿਖੇ ਨਕਲੀ ਚੰਦਰਮਾ ਦੇ ਟੋਏ ਬਣਾਏ ਗਏ ਸਨ। ਇਸ 'ਚ ਲੈਂਡਰ ਅਤੇ ਰੋਵਰ ਦਾ ਪ੍ਰੀਖਣ ਕੀਤਾ ਜਾ ਰਿਹਾ ਸੀ। ਇਨ੍ਹਾਂ ਟੋਇਆਂ ਨੂੰ ਬਣਾਉਣ 'ਤੇ 24.2 ਲੱਖ ਰੁਪਏ ਦੀ ਲਾਗਤ ਆਈ ਹੈ। ਇਹ ਟੋਆ 10 ਮੀਟਰ ਵਿਆਸ ਅਤੇ ਤਿੰਨ ਮੀਟਰ ਡੂੰਘਾ ਸੀ। ਟੋਏ ਇਸ ਲਈ ਬਣਾਏ ਗਏ ਸਨ ਤਾਂ ਜੋ ਲੈਂਡਰ-ਰੋਵਰ ਦੀ ਆਵਾਜਾਈ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾ ਸਕੇ। ਲੈਂਡਰ-ਰੋਵਰ 'ਚ ਲੱਗੇ ਸੈਂਸਰਾਂ ਦੀ ਵੀ ਜਾਂਚ ਕੀਤੀ ਗਈ ਹੈ।