ਲੰਡਨ:ਆਧੁਨਿਕ ਤਕਨੀਕ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਪਰ ਇਨ੍ਹਾਂ ਤਕਨੀਕਾਂ ਦਾ ਸਿਹਤ 'ਤੇ ਵੀ ਬੁਰਾ ਪ੍ਰਭਾਵ ਪਿਆ ਹੈ। ਹਾਲ ਹੀ 'ਚ ਅਜਿਹੀ ਹੀ ਇਕ ਜਾਣਕਾਰੀ ਸਾਹਮਣੇ ਆਈ ਹੈ। ਖੋਜਕਰਤਾਵਾਂ ਨੇ ਕਿਹਾ ਹੈ ਕਿ ਇਲੈਕਟ੍ਰਾਨਿਕ ਗੈਜੇਟਸ ਜਿਵੇਂ ਕਿ ਐਪਲ ਏਅਰਪੌਡਸ ਪ੍ਰੋ ਚਾਰਜਿੰਗ ਕੇਸ, ਦੂਜੀ ਪੀੜ੍ਹੀ ਦੇ ਐਪਲ ਪੈਨਸਿਲ ਅਤੇ ਮਾਈਕ੍ਰੋਸਾਫਟ ਸਰਫੇਸ ਪੈਨ ਸਰੀਰ ਵਿੱਚ ਜੀਵਨ ਬਚਾਉਣ ਵਾਲੇ ਉਪਕਰਣਾਂ ਵਿੱਚ ਦਖਲ ਦੇ ਸਕਦੇ ਹਨ ਅਤੇ ਉਹਨਾਂ ਨੂੰ ਕੰਮ ਕਰਨ ਤੋਂ ਰੋਕ ਸਕਦੇ ਹਨ।
ਡੇਲੀ ਮੇਲ ਨੇ ਦੱਸਿਆ ਕਿ ਸਵਿਟਜ਼ਰਲੈਂਡ ਦੀ ਯੂਨੀਵਰਸਿਟੀ ਆਫ ਬਾਸੇਲ ਦੇ ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਏਅਰਪੌਡਸ, ਐਪਲ ਪੈਨਸਿਲ ਅਤੇ ਆਈਫੋਨ ਵਿੱਚ ਸ਼ਕਤੀਸ਼ਾਲੀ ਚੁੰਬਕੀ ਖੇਤਰ ਹਨ, ਜੋ ਇੰਪਲਾਂਟਡ ਕਾਰਡੀਆਕ ਡਿਵਾਈਸ (ICDs) ਨੂੰ ਕੰਮ ਕਰਨਾ ਬੰਦ ਕਰ ਸਕਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ, 'ਕੋਈ ਵੀ ਇਲੈਕਟ੍ਰੀਕਲ ਯੰਤਰ ਜਿਸ ਵਿੱਚ ਚੁੰਬਕ ਹੁੰਦਾ ਹੈ, ਸਿਧਾਂਤਕ ਤੌਰ 'ਤੇ ਉਨ੍ਹਾਂ ਮਰੀਜ਼ਾਂ ਲਈ ਖਤਰਾ ਹੋ ਸਕਦਾ ਹੈ ਜੋ ਆਪਣੇ ਦਿਲ ਨੂੰ ਕ੍ਰਮ ਵਿੱਚ ਰੱਖਣ ਲਈ ਆਈਸੀਡੀ ਦੀ ਵਰਤੋਂ ਕਰਦੇ ਹਨ।'
ਯੂਨੀਵਰਸਿਟੀ ਦੇ ਡਾ. ਸਵੈਨ ਨੇਚ ਨੇ ਕਿਹਾ ਕਿ, 'ਜਨਤਾ ਨੂੰ ਪੋਰਟੇਬਲ ਇਲੈਕਟ੍ਰਾਨਿਕ ਉਪਕਰਨਾਂ ਦੇ ਸੰਭਾਵੀ ਖਤਰਿਆਂ ਤੋਂ ਜਾਣੂ ਹੋਣ ਦੀ ਲੋੜ ਹੈ।' ਉਨ੍ਹਾਂ ਨੇ ਇਹ ਵੀ ਕਿਹਾ ਕਿ, 'ਇਹ ਯੰਤਰ ਤੁਹਾਡੀ ਕਮੀਜ਼ ਜਾਂ ਜੈਕੇਟ ਦੀ ਜੇਬ ਵਿੱਚ ਛਾਤੀ ਦੇ ਸਾਹਮਣੇ ਲੈ ਜਾਣ ਦੇ ਨਾਲ ਨਾਲ ਬਿਸਤਰ ਜਾਂ ਸੋਫੇ ਤੇ ਲੇਟਦੇ ਸਮੇਂ ਆਪਣੀ ਛਾਤੀ ਤੇ ਰੱਖਣ ’ਤੇ ਸਮੱਸਿਆ ਪੈਦਾ ਕਰ ਸਕਦੇ ਹੈ।"