ਹੈਦਰਾਬਾਦ:ਐਪਲ ਨੇ ਸਤੰਬਰ ਮਹੀਨੇ 'ਚ Watch Ultra 2 ਅਤੇ 9 ਸੀਰੀਜ਼ ਨੂੰ ਲਾਂਚ ਕੀਤਾ ਸੀ। ਹੁਣ ਤੁਸੀਂ ਇਸਦੀ ਖਰੀਦਦਾਰੀ ਨਹੀਂ ਕਰ ਸਕੋਗੇ। ਦਰਅਸਲ, ਕੰਪਨੀ ਨੇ Watch Ultra 2 ਅਤੇ 9 ਸੀਰੀਜ਼ ਦੀ ਸੇਲ 'ਤੇ US 'ਚ ਰੋਕ ਲਗਾ ਦਿੱਤੀ ਹੈ। ਇਸਦੇ ਨਾਲ ਹੀ ਇਨ੍ਹਾਂ ਡਿਵਾਈਸਾਂ ਨੂੰ ਜਲਦ ਹੀ ਐਮਾਜ਼ਾਨ ਅਤੇ ਹੋਰ ਵੈੱਬਸਾਈਟਾਂ ਤੋਂ ਵੀ ਹਟਾ ਦਿੱਤਾ ਜਾਵੇਗਾ। ਇਹ ਫੈਸਲਾ ਇੱਕ ਪੇਟੈਂਟ ਵਿਵਾਦ ਕਰਕੇ ਲਿਆ ਗਿਆ ਹੈ। US 'ਚ ਵੀਰਵਾਰ ਤੋਂ ਆਨਲਾਈਨ ਅਤੇ ਐਤਵਾਰ ਤੋਂ ਐਪਲ ਦੀ ਇਹ ਸਮਾਰਟਵਾਚ ਕੰਪਨੀ ਦੀ ਵੈੱਬਸਾਈਟ ਅਤੇ ਸਟੋਰਾਂ ਤੋਂ ਨਹੀਂ ਮਿਲੇਗੀ।
Watch Ultra 2 ਅਤੇ 9 ਸੀਰੀਜ਼ ਦੀ ਸੇਲ 'ਤੇ ਕਿਉ ਲਗਾਈ ਗਈ ਰੋਕ?: ਐਪਲ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਕਿ ਅਕਤੂਬਰ 'ਚ ITC ਨੇ ਮੈਡੀਕਲ ਤਕਨਾਲੋਜੀ ਕੰਪਨੀ ਮਾਸੀਮੋ ਦੇ ਨਾਲ ਬੌਧਿਕ ਸੰਪੱਤੀ ਵਿਵਾਦ ਤੋਂ ਬਾਅਦ ਬਲੱਡ ਆਕਸੀਜਨ ਮਾਪ ਫੀਚਰ ਵਾਲੀਆਂ ਐਪਲ ਘੜੀਆਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ। ਵ੍ਹਾਈਟ ਹਾਊਸ ਕੋਲ ਆਈਟੀਸੀ ਦੇ ਫੈਸਲੇ ਦੀ ਜਾਂਚ ਕਰਨ ਲਈ 60 ਦਿਨ ਸਨ। ਇਸ ਦੌਰਾਨ ਕੰਪਨੀ ਨੇ ਆਪਣੀਆਂ ਘੜੀਆਂ ਦੀ ਸੇਲ ਜਾਰੀ ਰੱਖੀ ਸੀ। ਹਾਲਾਂਕਿ, ਹੁਣ ਐਪਲ ਨੇ ਫੈਸਲਾ ਕੀਤਾ ਹੈ ਕਿ ਉਹ ਅਮਰੀਕਾ ਵਿੱਚ ਵਾਚ ਅਲਟਰਾ 2 ਅਤੇ 9 ਸੀਰੀਜ਼ ਨੂੰ ਫਿਲਹਾਲ ਨਹੀਂ ਵੇਚੇਗੀ। ਕੰਪਨੀ ਨੇ ਕਿਹਾ ਕਿ ਜੇਕਰ ITC ਆਪਣਾ ਫੈਸਲਾ ਨਹੀਂ ਬਦਲਦੀ ਹੈ, ਤਾਂ ਉਹ ਇਸ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਚੁੱਕੇਗੀ ਅਤੇ ਜਲਦੀ ਹੀ ਆਪਣੀਆਂ ਘੜੀਆਂ ਦੀ ਸੇਲ ਮੁੜ ਸ਼ੁਰੂ ਕਰੇਗੀ।