ਚੰਡੀਗੜ੍ਹ: ਹਿੰਦੂ ਧਰਮ ਵਿਚ ਮੰਨੇ ਜਾਂਦੇ ਦੇਵੀ ਦੇਵਤਿਆਂ ਵਿਚ ਭਗਵਾਨ ਸ਼ਿਵ ਦੀ ਅਰਾਧਨਾ ਦਾ ਵੱਖਰਾ ਹੀ ਮਹੱਤਵ ਅਤੇ ਵਿਧਾਨ ਹੈ। 21 ਫਰਵਰੀ ਨੂੰ ਸ਼ਿਵਰਾਤਰੀ ਹੈ ਜਿਸ ਦਿਨ ਭਗਤ ਭਗਵਾਨ ਸ਼ਿਵ ਲਈ ਪੂਰਾ ਦਿਨ ਵਰਤ ਰੱਖਦੇ ਹਨ ਅਤੇ ਪੂਰੇ ਵਿਧੀ ਵਿਧਾਨ ਦੇ ਨਾਲ ਇਸ ਦੀ ਪੂਜਾ ਕਰਦੇ ਹਨ। ਮੰਦਰ ਵਿਚ ਸਵੇਰ ਤੋਂ ਹੀ ਭਗਤਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ।
ਮਹਾਸ਼ਿਵਰਾਤਰੀ ਦੇ ਦਿਨ ਸ਼ੁੱਭ ਕਾਲ ਦੌਰਾਨ ਹੀ ਮਹਾਦੇਵ ਤੇ ਪਾਰਬਤੀ ਮਾਤਾ ਦੀ ਪੂਜਾ ਕੀਤੀ ਜਾਣੀ ਚਾਹੀਦੀ ਹੈ, ਉਦੋਂ ਇਸ ਦਾ ਫ਼ਲ ਮਿਲਦਾ ਹੈ। ਸ਼ਿਵਰਾਤਰੀ ਦਾ ਦਿਨ ਬੇਹੱਦ ਖ਼ਾਸ ਮੰਨਿਆ ਜਾਂਦਾ ਹੈ। ਇਸ ਦਿਨ ਭਗਤ ਭੋਲੇਨਾਥ ਦੀ ਪੂਜਾ ਤੇ ਵਰਤ ਰੱਖਦੇ ਹਨ। ਮਹਾਸ਼ਿਵਰਾਤਰੀ 'ਚ ਗੋਣ ਲਾਸਾ ਮਹਾਰੂਦਰ ਸਵਾਹਾਕਰ ਦਾ ਸ਼ੁੱਭ ਆਰੰਭ 20 ਫਰਵਰੀ ਨੂੰ ਸਵੇਰੇ 7 ਵਜੇਂ ਪੂਜਾ ਨਾਲ ਹੋਇਆ। 21 ਫਰਵਰੀ ਦੁਪਹਿਰ ਅਣਗਿਣਤ ਸ਼ਿਵਲਿੰਗ ਦਾ ਨਿਰਮਾਣ ਕੀਤਾ ਜਾਵੇਗਾ ਤੇ ਰਾਤ ਨੂੰ ਪੂਜਾ ਕੀਤੀ ਜਾਵੇਗੀ ਤੇ ਅਗਲੇ ਦਿਨ ਸ਼ਿਵਲਿੰਗ ਦਾ ਵਿਸਰਜਨ ਕੀਤਾ ਜਾਵੇਗਾ।
ਭਾਰਤੀ ਮਿਥ ਅਨੁਸਾਰ ਇਸ ਦਿਨ ਸ਼ਿਵ ਜੀ ਦਾ ਪਾਰਵਤੀ ਨਾਲ ਵਿਆਹ ਹੋਇਆ ਸੀ। ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ ਨੂੰ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਭ ਸ਼ਿਵਲਿੰਗਾਂ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਹਰ ਥਾਂ ਉੱਤੇ ਸ਼ਿਵ ਮੰਦਿਰਾਂ ਵਿੱਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜਾ ਇਸ ਸ਼ਿਵਰਾਤਰੀ ਨੂੰ ਨਿਰਜਲ ਰਹਿ ਕੇ ਵਰਤ ਕਰਦਾ ਹੈ, ਸ਼ਿਵ ਜੀ ਦੀ ਪੂਜਾ ਕਰਦਾ ਹੈ, ਰਾਤ ਭਰ ਜਗਰਾਤਾ ਕਰ ਕੇ ਸਤਿਸੰਗ ਅਤੇ ਕੀਰਤਨ ਕਰਦਾ ਹੈ, ਉਸ ਨੂੰ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ।
ਮਾਨਤਾ
ਹਿੰਦੂ ਪੰਚਾਂਗ ਮੁਤਾਬਕ ਫੱਗਣ ਮਹੀਨੇ ਦੇ ਕਿਸ਼ਨ ਪੱਖ ਦੀ ਚੌਥ ਨੂੰ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅਜਿਹੀ ਮਾਨਤਾ ਹੈ ਕਿ ਇਸ ਦਿਨ ਭਗਵਾਨ ਸ਼ਿਵ ਅਤੇ ਪਾਰਬਤੀ ਦਾ ਵਿਆਹ ਸੰਪੰਨ ਹੋਇਆ ਸੀ। ਸ਼ਾਸ਼ਤਰਾਂ ਦੀ ਮੰਨੀਏ ਤਾਂ ਮਹਾਸ਼ਿਵਰਾਤਰੀ ਤੀਜ ਯੁਕਤ ਚੌਥ ਨੂੰ ਮਨਾਈ ਜਾਣੀ ਚਾਹੀਦੀ ਹੈ।
ਇਸ ਦਿਨ ਬਾਰੇ ਇਕ ਕਥਾ ਪ੍ਰਚਲਿਤ ਹੈ। ਪੌਰਾਣਿਕ ਕਥਾ ਮੁਤਾਬਕ ਇਕ ਵਾਰ ਪਾਰਬਤੀ ਨੇ ਭਗਵਾਨ ਸ਼ਿਵ ਨੂੰ ਪੁੱਛਿਆ,'ਅਜਿਹਾ ਕਿਹੜਾ ਸਭ ਤੋਂ ਉਤਮ ਅਤੇ ਸਰਲ ਵਰਤ ਪੂਜਾ ਹੈ ਜਿਸ ਨਾਲ ਮ੍ਰਿਤੂਲੋਕ ਦੇ ਪ੍ਰਾਣੀ ਤੁਹਾਡੀ ਕ੍ਰਿਪਾ ਸਹਿਜੇ ਪ੍ਰਾਪਤ ਕਰ ਲੈਂਦੇ ਹਨ?' ਜਵਾਬ ਵਿਚ ਸ਼ਿਵਜੀ ਨੇ ਪਾਰਬਤੀ ਨੂੰ ਸ਼ਿਵਰਾਤਰੀ ਦੇ ਵਰਤ ਦਾ ਉਪਾਅ ਦੱਸਿਆ ਸੀ।