ਸ੍ਰੀ ਮੁਕਤਸਰ ਸਾਹਿਬ: ਪੰਜਾਬ 'ਚ ਅਪਰਾਧੀਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈ ਹੈ, ਜਿੱਥੇ ਕੁਝ ਅਣਪਛਾਤੇ ਲੋਕਾਂ ਨੇ ਇੱਕ ਫਾਇਨੈਂਸਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਬਰਕੰਦੀ ਰੋਡ ਦਾ ਵਾਸੀ ਰਣਜੀਤ ਸਿੰਘ ਆਪਣੀ ਪਤਨੀ ਨਾਲ ਪਿੰਡ ਔਲਖ ਵਿੱਚ ਦਵਾਈ ਲੈਣ ਲਈ ਆਇਆ ਸੀ। ਇਸ ਦੌਰਾਨ ਉਸ ਦੇ ਕਾਰ ਵਿੱਚ ਬੈਠੇ ਦੇ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਦਿੱਤੀਆਂ ਅਤੇ ਰਣਜੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ।
ਸ੍ਰੀ ਮੁਕਤਸਰ ਸਾਹਿਬ 'ਚ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ, ਮਾਂ ਨੇ ਪੁਲਿਸ 'ਤੇ ਚੁੱਕੇ ਸਵਾਲ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਰੀ ਘਟਨਾ ਇੱਕ ਫਿਲਮੀ ਦ੍ਰਿਸ਼ ਵਾਂਗੂ ਲੱਗ ਰਹੀ ਹੈ। ਸੀਸੀਟੀਵੀ 'ਚ ਕੈਦ ਹੋਈ ਵੀਡੀਓ 'ਚ ਵਿਖਾਈ ਦਿੰਦਾ ਹੈ ਕਿ ਕਿਸ ਤਰ੍ਹਾਂ ਹਮਲਾਵਰ ਪੂਰੀ ਯੋਜਨਾ ਨਾਲ ਆਏ ਸਨ। ਹਮਲਾਵਰਾਂ ਦੀ ਕਾਰ ਕੁਝ ਸਮਾਂ ਸੜਕ ਦੇ ਕੰਢੇ ਰੁਕੀ ਰਹਿੰਦੀ ਹੈ। ਇਸੇ ਦੌਰਾਨ ਹਮਲਾਵਰਾਂ ਦਾ ਇੱਕ ਸਾਥੀ ਸੜਕ ਦੇ ਕੰਢੇ ਬੈਠਾ ਨਿਗਰਾਨੀ ਕਰਦਾ ਹੋਇਆ ਵੀ ਵਿਖਾਈ ਦਿੰਦਾ ਹੈ। ਰਣਜੀਤ ਸਿੰਘ ਦੀ ਕਾਰ ਰੁਕਣ ਸਾਰ ਹੀ ਹਮਲਾਵਰ ਫਿਲਮੀ ਢੰਗ ਨਾਲ ਆਪਣੀ ਕਾਰ ਨੂੰ ਸੜਕ ਦੇ ਵਿਚਕਾਰ ਰੋਕਦੇ ਹਨ ਅਤੇ ਇੱਕ ਹਮਲਾਵਰ ਰਣਜੀਤ ਸਿੰਘ ਦੀ ਕਾਰ ਵੱਲ ਭੱਜਦਾ ਹੈ ਅਤੇ ਰਣਜੀਤ ਸਿੰਘ ਗੋਲੀਆਂ ਨੂੰ ਮਾਰ ਕੇ ਮੁੜ ਆਪਣੀ ਕਾਰ 'ਚ ਸਵਾਰ ਹੋ ਕੇ ਫਰਾਰ ਹੋ ਜਾਂਦੇ ਹਨ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਦੀ ਮਾਂ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਤੇ ਨੂੰਹ ਦਵਾਈ ਲੈਣ ਲਈ ਆਏ ਸਨ। ਇਸ ਦੌਰਾਨ ਹੀ ਕੁਝ ਅਣਪਛਾਤੇ ਲੋਕਾਂ ਨੇ ਉਸ ਦੇ ਪੁੱਤਰ ਨੂੰ ਗੋਲੀ ਮਾਰ ਦਿੱਤੀ। ਮ੍ਰਿਤਕ ਦੀ ਮਾਂ ਨੇ ਇਸ ਘਟਨਾ ਵਿੱਚ ਕੁਝ ਪੁਲਿਸ ਵਾਲਿਆਂ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇੱਕ ਪੁੱਤਰ ਨੂੰ ਪਹਿਲਾਂ ਗੈਂਗਸਟਰ ਬੰਬੀਹੇ ਦੇ ਭੁਲੇਖੇ ਆਖ ਕੇ ਪੁਲਿਸ ਨੇ ਮਾਰ ਦਿੱਤਾ ਸੀ। ਉਸ ਦੇ ਪਹਿਲੇ ਪੁੱਤਰ ਦੇ ਕੇਸ ਦੀ ਪੈਰਵਾਈ ਰਣਜੀਤ ਸਿੰਘ ਕਰ ਰਿਹਾ ਸੀ, ਇਸੇ ਕਾਰਨ ਕੁਝ ਪੁਲਿਸ ਵਾਲੇ ਉਸ ਨਾਲ ਖਾਰ ਖਾਂਦੇ ਸਨ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।
ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਰਣਜੀਤ ਸਿੰਘ ਦੀ ਗੋਲੀਆਂ ਲੱਗਣ ਕਾਰਨ ਮੌਕੇ 'ਤੇ ਹੀ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਰਮਾਟਰਮ ਦੀ ਰਿਪੋਰਟ ਤੋਂ ਬਾਅਦ ਹੀ ਕੁਝ ਸਾਫ਼ ਹੋ ਸਕੇਗਾ।