ਅੰਮ੍ਰਿਤਸਰ: ਹਲਕਾ ਮਜੀਠਾ ਦੇ ਪਿੰਡ ਬੰਗਾਲ 'ਚ ਇੱਕ ਵਿਆਹੁਤਾ ਮਹਿਲਾ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਖ਼ੁਦਕੁਸ਼ੀ ਕਰ ਲਈ। ਮਹਿਲਾ ਦੇ ਪ੍ਰੇਮੀ ਵਿਅਕਤੀ ਦੇ ਪਰਿਵਾਰ ਵੱਲੋਂ ਚੋਰੀ ਦੋਹਾਂ ਮ੍ਰਿਤਕਾਂ ਦਾ ਅੰਤਮ ਸਸਕਾਰ ਕੀਤਾ ਜਾ ਰਿਹਾ ਸੀ, ਪਰ ਪੁਲਿਸ ਨੇ ਇਸ ਨੂੰ ਰੋਕ ਦਿੱਤਾ।
ਸਥਾਨਕ ਲੋਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮ੍ਰਿਤਕ ਮਹਿਲਾ ਦਾ ਇਲਾਕੇ ਦੇ ਹੀ ਸ਼ਮਸ਼ੇਰ ਸਿੰਘ ਨਾਂਅ ਦੇ ਵਿਅਕਤੀ ਨਾਲ ਪ੍ਰੇਮ ਸਬੰਧ ਸਨ। ਜਿਸ ਦੇ ਚਲਦੇ ਉਸ ਦੇ ਪਤੀ ਤੇ ਉਸ ਵਿਚਾਲੇ ਝਗੜੇ ਹੁੰਦੇ ਰਹਿੰਦੇ ਸਨ। ਲਗਾਤਾਰ ਝਗੜੇ ਤੋਂ ਤੰਗ ਆ ਕੇ ਬੀਤੀ ਰਾਤ ਪ੍ਰੇਮੀ ਜੋੜੇ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਤੱਕ ਇਹ ਮਾਮਲਾ ਨਾ ਪਹੁੰਚੇ, ਇਸ ਲਈ ਸ਼ਮਸ਼ੇਰ ਸਿੰਘ ਦੇ ਪਰਿਵਾਰ ਨੇ ਦੇਰ ਰਾਤ 11 ਵਜੇ ਮ੍ਰਿਤਕ ਸ਼ਮਸ਼ੇਰ ਸਿੰਘ ਦਾ ਅੰਤਮ ਸਸਕਾਰ ਕਰ ਦਿੱਤਾ ਤੇ ਉਹ ਮ੍ਰਿਤਕ ਮਹਿਲਾ ਦਾ ਸਸਕਾਰ ਸਵੇਰੇ ਕਰਨ ਲੱਗੇ।