ਜਲੰਧਰ: ਸ਼ਹਿਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ 'ਚ ਦੇਰ ਰਾਤ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਘਰ 'ਚ ਤੋੜ ਭੰਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਝ ਸ਼ਰਾਰਤੀ ਅਨਸਰਾਂ ਨੇ ਸ਼ਿਵ ਸੈਨਾ ਸਮਾਜਵਾਦੀ ਪੰਜਾਬ ਦੇ ਵਾਈਸ ਪ੍ਰਧਾਨ ਦੇ ਘਰ 'ਚ ਦਾਖਲ ਹੋ ਕੇ ਇਹ ਵਾਰਦਾਤ ਕੀਤੀ।
ਸ਼ਰਾਰਤੀ ਅਨਸਰਾਂ ਨੇ ਇੱਕ ਘਰ 'ਚ ਦਾਖਲ ਹੋ ਕੀਤੀ ਭੰਨ-ਤੋੜ - ਸੀਸੀਟੀਵੀ ਕੈਮਰੇ
ਜਲੰਧਰ 'ਚ ਕੁੱਝ ਸ਼ਰਾਰਤੀ ਅਨਸਰਾਂ ਨੇ ਸ਼ਿਵ ਸੈਨਾ ਸਮਾਜਵਾਦੀ ਪੰਜਾਬ ਦੇ ਵਾਈਸ ਪ੍ਰਧਾਨ ਦੇ ਘਰ ਭੰਨ-ਤੋੜ ਕੀਤੀ। ਇਹ ਘਟਨਾ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਾਤ ਨੂੰ ਘਰ ਦੇ ਬਾਹਰ ਖੜ੍ਹਾ ਸੀ। ਅਚਾਨਕ ਹਥਿਆਰਾਂ ਨਾਲ ਲੈਸ ਕੁੱਝ ਅਣਪਛਾਤੇ ਲੋਕਾਂ ਨੇ ਉਨ੍ਹਾਂ ਦੇ ਪੁੱਤਰ 'ਤੇ ਹਮਲਾ ਕੀਤਾ, ਪਰ ਉਹ ਭੱਜ ਕੇ ਘਰ ਦੇ ਅੰਦਰ ਦਾਖਲ ਹੋ ਗਿਆ। ਜਿਸ ਨਾਲ ਉਸ ਦੀ ਜਾਨ ਬੱਚ ਗਈ। ਵਾਪਸ ਜਾਂਦੇ ਹੋਏ ਅਣਪਛਾਤੇ ਲੋਕ ਉਨ੍ਹਾਂ ਘਰ 'ਚ ਤੋੜ ਭੰਨ ਕਰਕੇ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਸੂਚਨਾ ਮਿਲਦੇ ਹੀ ਥਾਣਾ ਇੱਕ ਦੇ ਐਸਆਈ ਹੀਰਾ ਲਾਲ ਆਪਣੀ ਟੀਮ ਨਾਲ ਘਟਨਾ ਵਾਲੀ ਥਾਂ 'ਤੇ ਪੁੱਜੇ। ਉਨ੍ਹਾਂ ਮੌਕੇ 'ਤੇ ਘਟਨਾ ਵਾਲੀ ਥਾਂ ਜਾਇਜ਼ਾ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਇਹ ਘਟਨਾ ਉਕਤ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ ਹੈ। ਪੀੜਤ ਪਰਿਵਾਰ ਵੱਲੋਂ ਇੱਕ ਮੁਲਜ਼ਮ ਦੀ ਪਛਾਣ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਫਿਲਹਾਲ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਭਰੋਸਾ ਦਿੱਤਾ।