ਅੰਮ੍ਰਿਤਸਰ: ਸ਼ਹਿਰ 'ਚ ਆਏ ਦਿਨ ਅਪਰਾਧਕ ਵਾਰਦਾਤਾਂ ਵੱਧ ਰਹੀਆਂ ਹਨ। ਪੁਲਿਸ ਤੋਂ ਬੇਖੌਫ਼ ਚੋਰਾਂ ਨੇ ਦੇਰ ਰਾਤ ਅੰਮ੍ਰਿਤਸਰ ਦੇ ਪੁਤਲੀਘਰ ਬਾਜ਼ਾਰ 'ਚ ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਤੇ ਲੱਖਾ ਰੁਪਏ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ।
ਚੋਰਾਂ ਨੇ ਕਈ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਚੋਰੀ ਕੀਤਾ ਲੱਖਾਂ ਰੁਪਏ ਦਾ ਸਾਮਾਨ - ਅੰਮ੍ਰਿਤਸਰ
ਗੁਰੂ ਨਗਰੀ ਅੰਮ੍ਰਿਤਸਰ 'ਚ ਬੀਤੀ ਰਾਤ ਪੁਲਿਸ ਤੋਂ ਬੇਖੌਫ਼ ਚੋਰਾਂ ਨੇ ਪੁਤਲੀਘਰ ਬਾਜ਼ਾਰ 'ਚ ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਤੜਕੇ ਬਾਜ਼ਾਰ 'ਚ ਕਈ ਦੁਕਾਨਾਂ ਦੇ ਸ਼ਟਰ ਟੁੱਟੇ ਹੋਣ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਸਾਰੇ ਦੁਕਾਨਦਾਰ ਮੌਕੇ 'ਤੇ ਪੁੱਜੇ। ਬਾਜ਼ਾਰ ਦੀਆਂ 4 ਤੋਂ 5 ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰਾਂ ਨੇ ਕੁੱਝ ਦੁਕਾਨਾਂ ਤੋਂ ਨਕਦੀ ਵੀ ਚੋਰੀ ਕੀਤੀ ਹੈ। ਪੀੜਤ ਦੁਕਾਨਦਾਰਾਂ ਮੁਤਾਬਕ ਇਹ ਘਟਨਾ ਰਾਤ 3 ਵਜੇ ਦੇ ਕਰੀਬ ਵਾਪਰੀ ਹੈ। ਦੁਕਾਨਦਾਰਾਂ ਨੇ ਇਸ ਘਟਨਾ ਲਈ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਦੇਰ ਰਾਤ ਇੱਕ ਗੱਡੀ 'ਚ ਸਵਾਰ ਹੋ ਕੇ ਕੁੱਝ ਅਣਪਛਾਤੇ ਲੋਕ ਬਾਜ਼ਾਰ 'ਚ ਦਾਖਲ ਹੋਏ। ਉਨ੍ਹਾਂ ਦੁਕਾਨਾਂ ਦੇ ਸ਼ਟਰ ਤੋੜ ਕੇ ਦੁਕਾਨਾਂ 'ਚ ਚੋਰੀ ਕੀਤੀ। ਇਹ ਘਟਨਾ ਬਾਜ਼ਾਰ ਦੇ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ ਹੈ। ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।