ਤਰਨ ਤਾਰਨ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ 'ਚ ਕਰਫਿਊ ਜਾਰੀ ਹੈ। ਇਸ ਦੌਰਾਨ ਕਰਫਿਊ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਵਿਰੁੱਧ ਪੁਲਿਸ ਸਖ਼ਤੀ ਵਰਤਦੀ ਨਜ਼ਰ ਆ ਰਹੀ ਹੈ। ਅਜਿਹਾ ਹੀ ਮਾਮਲਾ ਤਰਨ ਤਾਰਨ ਦੇ ਪਿੰਡ ਬਾਗੜੀਆਂ ਵਿਖੇ ਨਜ਼ਰ ਆਇਆ ਹੈ।
ਪੁਲਿਸ ਨੇ ਵਿਅਕਤੀ ਨਾਲ ਕੀਤੀ ਕੁੱਟਮਾਰ ਪੀੜਤ ਨੇ ਦੱਸਿਆ ਕਿ ਉਹ ਘਰ ਦੀ ਛੱਤ ਉੱਤੇ ਖੜ੍ਹਾ ਸੀ ਜਦ ਪੁਲਿਸ ਪਾਰਟੀ ਪਿੰਡ 'ਚ ਆ ਕੇ ਕੁੱਝ ਨੌਜਵਾਨਾਂ ਨਾਲ ਕੁੱਟਮਾਰ ਕਰਨ ਲੱਗੀ। ਪੁਲਿਸ ਨੇ ਪਾਰਟੀ ਨੇ ਉਸ ਦੇ ਘਰ ਅੰਦਰ ਦਾਖਲ ਹੋ ਕੇ ਉਸ ਨਾਲ ਕੁੱਟਮਾਰ ਕੀਤੀ , ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਪੀੜਤ ਪਰਿਵਾਰ ਨੇ ਪੁਲਿਸ ਪਾਰਟੀ ਤੇ ਐਸਐਚਓ ਉੱਤੇ ਜਬਰਨ ਉਨ੍ਹਾਂ ਦੇ ਘਰ ਵੜ ਕੇ ਕੁੱਟਮਾਰ ਕਰਨ ਦੇ ਦੋਸ਼ ਲਗਾਏ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਉਕਤ ਐਸਐਚਓ ਨੂੰ ਮੁਅੱਤਲ ਕੀਤੇ ਜਾਣ ਤੇ ਉਸ ਦੇ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਨੇ ਥਾਣਾ ਸਦਰ ਦੇ ਐਸਐਚਓ ਤੇ ਪੁਲਿਸ ਪਾਰਟੀ ਉੱਤੇ ਪਿੰਡ ਦੇ ਲੋਕਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਲਾਏ। ਉਨ੍ਹਾਂ ਦੱਸਿਆ ਕਿ ਜਦ ਪੁਲਿਸ ਪਿੰਡ 'ਚ ਆਈ ਤਾਂ ਕੁੱਝ ਨੌਜਵਾਨ ਅਤੇ ਬਜ਼ੁਰਗ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਨੇੜੇ ਖੜ ਗਏ। ਪੁਲਿਸ ਨੇ ਤਾਕਤ ਵਿਖਾਉਂਦੇ ਹੋਏ ਪਿੰਡ ਦੇ ਕਈ ਲੋਕਾਂ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਅਮਰਪਾਲ ਸਿੰਘ ਨਾਂਅ ਦਾ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪਿੰਡ ਵਾਸੀਆਂ ਵੱਲੋਂ ਵੀ ਪੁਲਿਸ ਪਾਰਟੀ ਉੱਤੇ ਲੋਕਾਂ ਨਾਲ ਗ਼ਲਤ ਵਿਵਹਾਰ ਕੀਤੇ ਜਾਣ ਦੇ ਦੋਸ਼ ਲਗਾਏ ਗਏ ਹਨ।
ਹੋਰ ਪੜ੍ਹੋ :ਚੰਡੀਗੜ੍ਹ 'ਚ ਮੀਂਹ ਪੈਣ ਨਾਲ ਤਾਪਮਾਨ 'ਚ ਆਈ ਗਿਰਾਵਟ
ਇਸ ਮਾਮਲੇ ਬਾਰੇ ਜਦ ਥਾਣਾ ਸਦਰ ਦੇ ਐਸਐਚਓ ਮਨੋਜ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ। ਸੂਚਨਾ ਮੁਤਾਬਕ ਕਰਫਿਊ ਦੇ ਦੌਰਾਨ ਪਿੰਡ ਬਾਗੜੀਆ ਕੁੱਝ ਲੋਕਾਂ ਵੱਲੋਂ ਘਰ ਤੋਂ ਬਾਹਰ ਨਿਕਲ ਕੇ ਆਪਸੀ ਝਗੜਾ ਕਰ ਰਹੇ ਸਨ, ਪੁਲਿਸ ਪਾਰਟੀ ਨੇ ਉਥੇ ਪੁਜ ਕੇ ਲੋਕਾਂ ਨੂੰ ਰੋਕਿਆ ਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ। ਐੱਸਐਚਓ ਨੇ ਖ਼ੁਦ 'ਤੇ ਲਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।