ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ ਨੇ ਬੁੱਧਵਾਰ ਨੂੰ 2019 ਵਿੱਚ ਹੋਏ ਤਰਨ ਤਾਰਨ ਧਮਾਕੇ ਦੇ ਕੇਸ ਵਿੱਚ 9 ਲੋਕਾਂ ਖ਼ਿਲਾਫ਼ ਮੁਹਾਲੀ ਦੀ ਐੱਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਚਲਾਨ ਦਾਖਲ ਕੀਤਾ ਹੈ।
ਐੱਨਆਈਏ ਦੇ ਬੁਲਾਰੇ ਨੇ ਦਿੱਲੀ ਵਿੱਚ ਕਿਹਾ ਕਿ " ਏਜੰਸੀ ਨੇ ਮੁਹਾਲੀ ਦੀ ਵਿਸ਼ੇਸ਼ ਐੱਏਆਈ ਅਦਾਲਤ ਵਿੱਚ ਆਈਪੀਸੀ ਦੀਆਂ ਕਈ ਧਾਰਾਵਾਂ ਤੇ ਵਿਸਫੋਕਟ ਐਕਟ ਅਧੀਨ ਨੌਂ ਲੋਕਾਂ ਦੇ ਖ਼ਿਲਾਫ਼ ਚਲਾਨ ਦਾਇਰ ਕੀਤਾ ਹੈ।"
ਬੁਲਾਰੇ ਨੇ ਕਿਹਾ ਕਿ ਏਜੰਸੀ ਨੇ ਚਲਾਨ ਵਿੱਚ ਤਰਨ ਤਾਰਨ ਦੇ ਰਹਿਣ ਵਾਲੇ ਮੱਸਾ ਸਿੰਘ ,ਹਰਜੀਤ ਸਿੰਘ, ਗੁਰਜੰਟ ਸਿੰਘ, ਮਨਪ੍ਰੀਤ ਸਿੰਘ, ਬਿਕਰਮਜੀਤ ਸਿੰਘ ਪੰਜਵੜ , ਗੁਰਦਾਸਪੁਰ ਦੇ ਰਹਿਣ ਵਾਲੇ ਚੰਨਦੀਪ ਸਿੰਘ ਦੇ ਨਾਲ ਅੰਮ੍ਰਿਤਸਰ ਨਾਲ ਸਬੰਧਤ ਮਲਕੀਤ ਸਿੰਘ, ਅਮਰਜੀਤ ਸਿੰਘ ਦੇ ਨਾਲ ਚਲਾਨ ਵਿੱਚ ਸ਼ਾਮਲ ਹਨ। ਇਨ੍ਹਾਂ ਅੱਠਾ ਤੋਂ ਇਲਾਵਾ ਐੱਨਏਆਈ ਨੇ ਇਸ ਮਾਮਲੇ ਵਿੱਚ ਇੱਕ ਨਬਾਲਗ ਦਾ ਨਾਮ ਵੀ ਆਪਣੇ ਚਲਾਨ ਵਿੱਚ ਪੇਸ਼ ਕੀਤਾ ਹੈ।
ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਬਿਕਰਮਜੀਤ ਸਿੰਘ ਪੰਜਵੜ ਹਾਲੇ ਫਰਾਰ ਹੈ।
ਇਹ ਵੀ ਪੜ੍ਹੋ:ਦਿੱਲੀ ਦੰਗੇ ਭਾਰਤ ਦੀ ਸ਼ਾਂਤੀ ਤੇ ਸਦਭਾਵਨਾ 'ਤੇ ਵੱਡਾ ਧੱਬਾ: ਅਧੀਰ ਰੰਜਨ
ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਪਾਇਆ ਗਿਆ ਹੈ ਕਿ ਮੁਲਜ਼ਮ ਖ਼ਾਲਿਸਤਾਨੀ ਪੱਖੀ ਸਨ , ਜਿਨ੍ਹਾਂ ਨੇ ਬਿਕਰਮਜੀਤ ਸਿੰਘ ਪੰਜਵੜ ਦੀ ਅਗਵਾਈ ਵਿੱਚ ਇੱਕ ਅੱਤਵਾਦੀ ਗਰੋਹ ਬਣਾਇਆ ਸੀ।
ਇਸੇ ਨਾਲ ਹੀ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਆਪਣੇ ਅੱਤਵਾਦੀ ਗਰੋਹ ਦੇ ਰਾਹੀ ਪੰਜਾਬ ਦੇ ਲੋਕਾਂ ਨੂੰ ਭਾਰਤ ਤੋਂ ਵੱਖਰੇ ਕਰਨ ਵਾਸਤੇ ਅੰਦੋਲਨ ਸ਼ੁਰੂ ਕਰਨ ਲਈ ਉਕਸਾਉਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਅਤੇ ਜ਼ਮੀਨੀ ਪੱਧਰ 'ਤੇ ਅੰਜ਼ਾਮ ਦਿਤਾ ਹੈ।
ਅਧਿਕਾਰੀ ਨੇ ਦੱਸਿਆ ਕਿ " ਇਨ੍ਹਾਂ ਨੇ ਗੈਰ ਕਾਨੂੰਨੀ ਵਿਸਫੋਟਕ ਪਦਾਰਥ ਦੀ ਖਰੀਦ ਕੀਤੀ, ਪੰਜਾਬ ਵਿੱਚ ਅੱਤਵਾਦੀ ਕਾਰਵਾਈਆਂ ਨੂੰ ਅੰਜ਼ਾਮ ਦੇਣ ਲਈ ਕੱਚੇ ਬੰਬ ਤਿਆਰ ਕਰਕੇ ਅਤੇ ਟੈਸਟ ਵੀ ਕੀਤੇ।"
ਇਸੇ ਨਾਲ ਹੀ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਨੇ ਹਾਲ ਹੀ ਵਿੱਚ ਤਰਨ ਤਾਰਨ ਲਾਗੇ ਮੁਰਾਦਪੁਰ ਵਿੱਚਲੇ ਡੇਰੇ ਨੂੰ ਨਿਸ਼ਾਨਾ ਬਣਾਉਣ ਲਈ ਯੋਜਨਾ ਬਣਾਈ ਸੀ।