ਬਠਿੰਡਾ : ਉੱਘੇ ਹਿੰਦੂ ਧਾਰਮਿਕ ਆਗੂ ਅਤੇ ਸਥਾਨਕ 'ਮਹਾਰਿਸ਼ੀ ਯੋਗ ਆਸ਼ਰਮ' ਦੇ ਸੰਚਾਲਕ ਸਵਾਮੀ ਸੂਰੀਆ ਦੇਵ ਵੱਲੋਂ ਭੇਦਭਰੀ ਹਾਲਤਾਂ ਵਿੱਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਸਵੇਰ ਤੋਂ ਲੈ ਕੇ ਦੁਪਹਿਰ ਤੱਕ ਸਵਾਮੀ ਨੇ ਆਪਣੇ ਕਮਰੇ ਦਾ ਦਰਵਾਜ਼ਾ ਨਾ ਖੋਲ੍ਹਿਆ ਤਾਂ ਸੇਵਕਾਂ ਨੂੰ ਚਿੰਤਾ ਹੋਈ। ਸੇਵਕਾਂ ਨੇ ਜਦ ਕਮਰੇ ਦਾ ਦਰਵਾਜ਼ਾ ਤੋੜਿਆ ਤਾਂ ਕਮਰੇ ਅੰਦਰ ਸਵਾਮੀ ਸੂਰੀਆ ਦੇਵ ਦੀ ਲਾਸ਼ ਲਟਕਦੀ ਹੋਈ ਮਿਲੀ।
ਇਸ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ ਗਈ। ਘਟਨਾ ਦਾ ਪਤਾ ਚੱਲਦੇ ਹੀ ਉੱਚ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਜਿਨ੍ਹਾਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖ਼ਲ ਕਰਵਾ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਰਹਿਣ ਵਾਲੇ ਸਵਾਮੀ ਸੂਰੀਆ ਦੇਵ (45) ਪੁੱਤਰ ਚੰਦਰ ਭਾਨ ਪਿਛਲੇ ਲਗਭਗ 18 ਸਾਲਾਂ ਤੋਂ ਗੋਨੇਆਣਾ ਮੰਡੀ ਦੇ ਲਾਇਨ ਤੋਂ ਪਾਰ ਇਲਾਕੇ ਵਿੱਚ ਮਹਾਂਰਿਸ਼ੀ ਯੋਗ ਆਸ਼ਰਮ ਚਲਾ ਰਹੇ ਸਨ ਜਿੱਥੇ ਉਹ ਯੋਗ ਦੇ ਨਾਲ- ਨਾਲ ਹਿੰਦੂ ਧਰਮ ਦਾ ਪ੍ਰਚਾਰ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਆਦਿ ਵੀ ਕਰਦੇ ਸਨ।
ਸ਼ਹਿਰ ਦੇ ਸਮਾਜਸੇਵੀ ਬਲਵਿੰਦਰ ਸਿੰਘ ਧਿੰਗੜਾ, ਦਲਜੀਤ ਸਿੰਘ ਖੁਰਮੀ ਅਤੇ ਦੇਵ ਰਾਜ ਗਰਗ ਨੇ ਦੱਸਿਆ ਕਿ ਸਵਾਮੀ ਸੂਰੀਆ ਦੇਵ ਜੀ ਪੇਟ ਦੀ ਕਿਸੇ ਬਿਮਾਰੀ ਕਾਰਨ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਸਵਾਮੀ ਜੀ ਦਾ ਪਤਾ ਲੈਣ ਲਈ ਬੀਤੇ ਕੱਲ ਉਨ੍ਹਾਂ ਦੇ ਵੱਡੇ ਭਰਾ ਅਤੇ ਭਤੀਜੇ ਆਸ਼ਰਮ ਹਾਏ ਸਨ ਅਤੇ ਉਨ੍ਹਾਂ ਦਾ ਭਾਣਜਾ ਵੀ ਕੱਲ੍ਹ ਦਾ ਉਨ੍ਹਾਂ ਦੇ ਕੋਲ ਹੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਾਣਜੇ ਰਾਹੁਲ ਅਨੁਸਾਰ ਬੀਤੀ ਰਾਤ ਕਰੀਬ 10: 30 ਵਜੇ ਸੌਣ ਲਈ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਸਵਾਮੀ ਜੀ ਆਪਣੇ ਕਮਰੇ ਵਿੱਚ ਸੌਂ ਗਏ। ਉਨ੍ਹਾਂ ਦੱਸਿਆ ਕਿ ਸਵਾਮੀ ਜੀ ਨੇ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਜਦੋਂ ਆਪਣਾ ਕਮਰਾ ਨਾ ਖੋਲ੍ਹਿਆ ਤਾਂ ਰਾਹੁਲ ਅਤੇ ਆਸ਼ਰਮ ਦੇ ਹੋਰ ਸੇਵਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਮੌਕੇ ਉੱਤੇ ਪੁੱਜੇ। ਜਦੋਂ ਉਨ੍ਹਾਂ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਅੰਦਰ ਸਵਾਮੀ ਜੀ ਦੀ ਲਾਸ਼ ਲਟਕ ਰਹੀ ਸੀ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਡੀਐਸਪੀ (ਡੀ) ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾ ਦਿੱਤਾ ਹੈ। ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਬੂਟਾ ਸਿੰਘ ਦਾ ਕਹਿਣਾ ਹੈ ਕਿ ਮੁੱਢਲੇ ਤੌਰ ਉੱਤੇ ਮਾਮਲਾ ਖ਼ੁਦਕੁਸ਼ੀ ਦਾ ਹੀ ਜਾਪਦਾ ਹੈ ਪਰ ਫਿਰ ਵੀ ਉਨ੍ਹਾਂ ਦੇ ਭਾਣਜੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਕਾਰਵਾਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਆਉਣ 'ਤੇ ਹੀ ਕੀਤੀ ਜਾਵੇਗੀ।