ਮੋਗਾ: ਜ਼ਿਲ੍ਹੇ ਦੇ ਪਿੰਡ ਸਲ੍ਹੀਣੇ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਪੁੱਤ ਚਮਕੌਰ ਸਿੰਘ ਨੂੰ ਉਸ ਦੇ ਚਾਚੇ ਦੇ ਪੁੱਤਾਂ ਨੇ ਜ਼ਹਿਰੀਲੀ ਦਵਾਈ ਪਿਆ ਦਿੱਤੀ। ਇਹ ਪੂਰੀ ਮਾਮਲਾ 21 ਜੂਨ ਦਾ ਹੈ।
ਇਨਸਾਫ਼ ਨਾ ਮਿਲਣ ਤੇ ਵੀਡੀਓ ਕੀਤੀ ਵਾਇਰਲ
ਚਮਕੌਰ ਸਿੰਘ ਇਸ ਵੇਲੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ਕਾਰਨ ਉਸ ਨੌਜਵਾਨ ਨੇ ਹਸਪਤਾਲ ਤੋਂ ਹੀ ਵੀਡੀਓ ਵਾਇਰਲ ਕਰ ਕੇ ਇਨਸਾਫ਼ ਦੀ ਮੰਗ ਕੀਤੀ ਹੈ।
ਕੀ ਹੈ ਪੂਰਾ ਮਾਮਲਾ
ਚਮਕੌਰ ਸਿੰਘ ਦੇ ਪਿਤਾ ਸੁਖਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਮੁੰਡਾ 21 ਤਾਰੀਖ਼ ਨੂੰ ਖੇਤਾਂ ਵੱਲ ਗਿਆ ਸੀ ਤਾਂ ਉਦੋਂ ਹੀ ਗੇਟ ਅੱਗੇ ਖੜ੍ਹੇ ਨਿਰਮਲ ਸਿੰਘ ਅਤੇ ਇਕਬਾਲ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਉਸ ਨੂੰ ਅੰਦਰ ਚੁੱਕ ਕੇ ਲੈ ਗਏ। ਇਸ ਤੋਂ ਬਾਅਦ ਜ਼ਬਰਦਸਤੀ ਉਸ ਨੂੰ ਜ਼ਹਿਰੀਲੀ ਦਵਾਈ ਪਿਆ ਦਿੱਤੀ। ਦਵਾਈ ਪਿਆਉਣ ਤੋਂ ਬਾਅਦ ਉਨ੍ਹਾਂ ਨੇ ਚਮਕੌਰ ਸਿੰਘ ਨੂੰ ਗਲੀ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਫੋਨ ਕਰ ਕੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਚਮਕੌਰ ਨੂੰ ਮੋਗਾ ਦੇ ਹਸਪਤਾਲ ਭਰਤੀ ਕਰਵਾਇਆ ਗਿਆ। ਹਾਲਤ ਜ਼ਿਆਦਾ ਵਿਗੜਦੀ ਵੇਖ ਕੇ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ।