ਫ਼ਰੀਦਕੋਟ: ਫ਼ਰੀਦਕੋਟ ਦੀ ਬਾਬਾ ਫ਼ਰੀਦ ਯੂਨੀਵਰਸਟੀ ਵਿੱਚ ਮਹਿਲਾ ਡਾਕਟਰ ਨਾਲ ਵਿਭਾਗ ਦੇ ਮੁਖੀ ਵੱਲੋਂ ਕਥਿਤ ਕੀਤੀ ਗਈ ਜਿਨਸੀ ਸੋਸ਼ਣ ਦੀ ਪੀੜਤ ਡਾਕਟਰ ਨੇ ਸ਼ਿਕਾਇਤ ਕੀਤੀ। ਕਰੀਬ ਢਾਈ ਮਹੀਨੇ ਬੀਤ ਜਾਣ ਬਾਅਦ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮੀਡੀਆ ਸਾਹਮਣੇ ਆ ਕੇ ਉਸ ਨੇ ਸਾਰੀ ਆਪਣੇ ਨਾਲ ਬੀਤੀ ਸੁਣਾਈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੀੜਤ ਮਹਿਲਾ ਡਾਕਟਰ ਨੇ ਦੱਸਿਆ ਕਿ ਉਸ ਨੇ 2016 ਵਿਚ ਪੀਜੀ ਡਿਪਲੋਮੇ ਲਈ ਜੀਜੀਐਸ ਮੈਡੀਕਲ ਵਿੱਚ ਦਾਖ਼ਲਾ ਲਿਆ ਸੀ ਅਤੇ 2019 ਵਿੱਚ ਇਸ ਕੋਰਸ ਨੂੰ ਪੂਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂ ਤੋਂ ਹੀ ਵਿਭਾਗ ਦਾ ਮੁੱਖੀ ਡਾਕਟਰ ਸੰਜੇ ਗੁਪਤਾ ਉਸ ਨਾਲ ਮਾੜਾ ਵਿਵਹਾਰ ਕਰਨ ਲੱਗਾ ਅਤੇ ਅਖੀਰ ਪੇਪਰ ਵਾਲੇ ਦਿਨ ਉਸ ਨੇ ਉਸ ਨਾਲ ਬਹੁਤ ਗੰਦਾ ਵਿਵਹਾਰ ਕੀਤਾ ਅਤੇ ਉਸ ਨੂੰ ਆਪਣੇ ਨਾਲ ਦੇ ਡਾਕਟਰਾਂ ਸਾਹਮਣੇ ਸ਼ਰਮਿੰਦਾ ਹੋਣਾ ਪਿਆ।
ਪੀੜਤਾਂ ਨੇ ਦੱਸਿਆ ਕਿ ਡਾਕਟਰ ਉਨ੍ਹਾਂ ਨੂੰ ਪਹਿਲਾਂ ਤਾਂ ਗ਼ਲਤ ਟੱਚ ਕਰਦਾ ਸੀ, ਪਰ ਪ੍ਰੈਕਟੀਕਲ ਪੇਪਰ ਵਾਲੇ ਦਿਨ ਉਸ ਨੇ ਸਾਰਿਆਂ ਸਾਹਮਣੇ ਇਤਰਾਜ਼ਯੋਗ ਪ੍ਰਸ਼ਨ ਪੁੱਛਿਆ ਜਿਸ ਦਾ ਉਹ ਜ਼ਿਕਰ ਵੀ ਨਹੀਂ ਕਰ ਸਕਦੀ। ਉਸ ਸਮੇਂ ਉਹ ਆਪਣਾ ਪੇਪਰ ਅੱਧ ਵਿਚਕਾਰ ਛੱਡ ਕੇ ਬਾਹਰ ਚਲੀ ਗਈ ਸੀ। ਆਪਣੇ ਕੈਰੀਅਰ ਦੇ ਖ਼ਰਾਬ ਹੋਣ ਦੇ ਡਰ ਤੋਂ ਉਹ ਕਰੀਬ 3 ਸਾਲ ਤੱਕ ਡਾਕਟਰ ਸੰਜੇ ਗੁਪਤਾ ਦੀਆਂ ਕਥਿਤ ਗ਼ਲਤ ਹਰਕਤਾਂ ਬਰਦਾਸ਼ਤ ਕਰਦੀ ਰਹੀ, ਪਰ ਇੰਨੇ ਵਿੱਚ ਕਿਸੇ ਅਣਪਛਾਤੇ ਸ਼ਕਾਇਤਕਰਤਾ ਨੇ ਮੇਰੇ ਨਾਲ ਹੋਏ ਵਰਤਾਰੇ ਦੀ ਵਾਇਸ ਚਾਂਸਲਰ ਨੂੰ ਲਿਖ਼ਤ ਸ਼ਿਕਾਇਤ ਕਰ ਦਿੱਤੀ ਜਿਸ ਕਾਰਨ ਯੂਨੀਵਰਸਟੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਟਾਰਗੇਟ ਕਰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਡਾਕਟਰ ਅਰਵਿੰਦ ਸ਼ਰਮਾ ਨੂੰ ਵੀ ਇਕ ਝੂਠੇ ਮੁਕੱਦਮੇਂ ਵਿੱਚ ਫ਼ਸਾ ਦਿੱਤਾ।