ਕਾਨਪੁਰ: ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਖੇ ਪੁਲਿਸ ਹਮਲੇ ਦੇ ਮੁਲਜ਼ਮਾਂ ਵਿਰੁੱਧ ਪੁਲਿਸ ਮੁਲਾਜ਼ਮਾਂ ਦੇ ਕਤਲ ਤੇ ਹਥਿਆਰਾਂ ਦੀ ਲੁੱਟ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ 'ਚ ਵਿਕਾਸ ਦੂਬੇ ਸਣੇ 35 ਲੋਕਾਂ ਦੇ ਖਿਲਾਫ ਚੌਬੇਪੁਰ ਥਾਣੇ 'ਚ ਐਫਆਈਆਰ ਦਰਜ ਕੀਤੀ ਗਈ ਹੈ।
ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਪੋਸਟਮਾਰਟਮ ਰਿਪੋਰਟ ਵੀ ਆ ਚੁੱਕੀ ਹੈ, ਜਿਸ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸੀਓ ਦੇਵੇਂਦਰ ਮਿਸ਼ਰਾ ਦੇ ਸਿਰ 'ਤੇ ਬੰਦੂਕ ਰੱਖ ਕੇ ਉਨ੍ਹਾਂ ਨੂੰ ਗੋਲੀ ਮਾਰੀ ਗਈ ਸੀ। ਐਸਓ ਤੇ ਕਾਂਸਟੇਬਲ ਨੂੰ ਵੀ ਨੇੜੇ ਤੋਂ ਹੀ ਗੋਲੀ ਮਾਰੀ ਗਈ ਹੈ, ਜਦਕਿ ਚਾਰ ਜਵਾਨਾਂ 'ਤੇ ਦੂਰੋਂ ਗੋਲੀਆਂ ਚਲਾਈਆਂ ਗਈਆਂ ਸਨ, ਜੋ ਉਨ੍ਹਾਂ ਦੇ ਸਰੀਰ ਤੋਂ ਆਰ-ਪਾਰ ਲੰਘ ਗਈ। ਇਸ ਹਮਲੇ ਵਿੱਚ ਸਭ ਤੋਂ ਵੱਧ ਪੰਜ ਗੋਲੀਆਂ ਅਨੂਪ ਕੁਮਾਰ ਨੂੰ ਲੱਗੀਆਂ ਹਨ।
ਕਾਨਪੁਰ ਪੁਲਿਸ ਦੇ ਅੱਠ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਕਾਨਪੁਰ ਰੇਂਜ ਦੇ ਇੰਸਪੈਕਟਰ ਜਨਰਲ ਪੁਲਿਸ ਮੋਹਿਤ ਅਗਰਵਾਲ ਨੇ ਹਿਸਟਰੀ ਸ਼ੀਟਰ ਵਿਕਾਸ ਦੂਬੇ 'ਤੇ 50 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਮੁਖ਼ਬਰ ਨੂੰ 50 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ। ਕੋਈ ਵੀ ਵਿਅਕਤੀ ਹਿਸਟਰੀ ਸ਼ੀਟਰ ਵਿਕਾਸ ਦੂਬੇ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪੁਲਿਸ ਨੂੰ ਮੋਬਾਈਲ ਨੰਬਰ 94544-00211 'ਤੇ ਦੇ ਸਕਦਾ ਹੈ। ਪੁਲਿਸ ਵੱਲੋਂ ਸੂਚਨਾ ਦੇਣ ਵਾਲੇ ਦਾ ਨਾਂਅ ਵੀ ਗੁਪਤ ਰੱਖਿਆ ਜਾਵੇਗਾ।
ਵਿਕਾਸ ਦੂਬੇ ਤੇ ਉਸ ਦੇ ਸਾਥੀਆਂ ਨੇ ਕਾਨਪੁਰ 'ਚ 8 ਪੁਲਿਸ ਮੁਲਾਜ਼ਮਾਂ ਦਾ ਕਤਲ ਕੀਤਾ ਅਤੇ 6 ਨੂੰ ਗੰਭੀਰ ਜ਼ਖਮੀ ਕਰ ਦਿਤਾ। ਇਸ ਮਗਰੋਂ ਉਨ੍ਹਾਂ ਨੇ ਪੰਜ ਪੁਲਿਸ ਮੁਲਾਜ਼ਮਾਂ ਕੋਲੋਂ ਹਥਿਆਰ ਵੀ ਲੁੱਟੇ। ਹਥਿਆਰਾਂ 'ਚ ਇੱਕ AK-47 ਰਾਈਫਲ, ਇੱਕ ਇੰਸਾਸ ਰਾਈਫਲ, ਇੱਕ ਗੱਲਾਕ ਪਿਸਟਲ ਤੇ 2 9mm ਪਿਸਟਲ ਦੀ ਲੁੱਟ ਕੀਤੀ ਗਈ ਹੈ।
ਪੁਲਿਸ ਆਪਰੇਸ਼ਨ ਦੀ ਸੂਚਨਾ ਲੀਕ ਹੋਣ ਦਾ ਖਦਸ਼ਾ ਹੋਣ ਦੇ ਕਾਰਨ ਚੌਬੇਪੁਰ ਦੇ ਐਸਐਚਓ ਸ਼ੱਕ ਦੇ ਘੇਰੇ 'ਚ ਲਿਆ ਹੈ। ਐਸਟੀਐਫ ਦੀ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੱਖ ਮੁਲਜ਼ਮ ਵਿਕਾਸ ਦੂਬੇ ਦੀ ਗ੍ਰਿਫ਼ਤਾਰੀ ਲਈ ਪੁਲਿਸ ਨੇ ਤਕਰੀਬਨ ਇੱਕ ਦਰਜਨ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।