ਬਰਨਾਲਾ: ਪੰਜਾਬੀ ਗਾਇਕ ਸਿੱਧੂ ਇੱਕ ਵਾਰ ਮੁੜ ਵਿਵਾਦਾਂ 'ਚ ਘਿਰ ਗਏ ਹਨ। ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇ ਵਾਲਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਪੰਜਾਬ ਪੁਲਿਸ ਮੁਲਾਜ਼ਮਾਂ ਨਾਲ ਬਰਨਾਲਾ ਦੇ ਪਿੰਡ ਬੱਬਰ 'ਚ ਸ਼ੂਟਿੰਗ ਰੇਂਜ 'ਚ ਫਾਈਰਿੰਗ ਕਰਦੇ ਨਜ਼ਰ ਆ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਇਹ ਘਟਨਾ 1 ਮਈ ਨੂੰ ਬਰਨਾਲਾ ਦੇ ਪਿੰਡ ਬੱਬਰ ਵਿਖੇ ਵਾਪਰੀ ਸੀ। ਗਾਇਕ ਦੀ ਸਹਾਇਤਾ ਕਰਨ ਵਾਲੇ ਪੰਜ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿਰੁਧ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਮੁਤਾਬਕ ਸ਼ਿਕਾਇਤ 'ਚ ਸਿੱਧੂ ਮੂਸੇ ਵਾਲੇ ਵੱਲੋਂ ਕੀਤੀ ਗਈ ਫ਼ਾਇਰਿੰਗ ਮੌਕੇ 25-30 ਵਿਅਕਤੀ ਹਾਜ਼ਰ ਹੋਣ ਬਾਰੇ ਸੂਚਿਤ ਕੀਤਾ ਗਿਆ ਸੀ। ਇਸ 'ਚ 15 ਪੁਲਿਸ ਮੁਲਾਜ਼ਮਾਂ ਦੇ ਸ਼ਾਮਲ ਹੋਣ ਦੀ ਗੱਲ ਆਖੀ ਗਈ ਸੀ। ਪਿੰਡ ਵਾਸੀਆਂ ਮੁਤਾਬਕ ਫਾਈਰਿੰਗ ਕਰਨ ਲਈ ਪਿੰਡ ਦੇ ਲੋਕਾਂ ਨੂੰ ਆਉਣ ਜਾਣ ਤੋਂ ਵੀ ਰੋਕਿਆ ਗਿਆ। ਇਹ ਫਾਈਰਿੰਗ ਸ਼ਾਮ 4 ਵਜੇ ਤੋਂ ਸ਼ਾਮ ਕਰੀਬ 8 ਵਜੇ ਤੱਕ ਜਾਰੀ ਰਹੀ। ਇਸ ਦੌਰਾਨ ਉਨ੍ਹਾਂ ਵੱਲੋਂ ਕੱਚ ਦੀਆਂ ਬੋਤਲਾਂ ਭੰਨੀਆਂ ਗਈਆਂ ਤੇ ਇਸ ਸਾਰੀ ਘਟਨਾ ਨੂੰ ਪਿੰਡ ਦੇ ਵਸਨੀਕ ਰੋਬਿਨ ਸਿੰਘ ਵੱਲੋਂ ਬਣਾਈ ਗਈ ਆਰਜ਼ੀ ਰੇਂਜ 'ਚ ਅੰਜਾਮ ਦਿੱਤਾ ਗਿਆ।
ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਇੱਕ ਵੀਡੀਓ ਮਿਲਣ ਤੋਂ ਬਾਅਦ ਬਰਨਾਲਾ ਪੁਲਿਸ ਵੱਲੋਂ ਮੁਢਲੀ ਜਾਂਚ ਤੋਂ ਬਾਅਦ ਗਾਇਕ ਸਿੱਧੂ ਮੂਸੇ ਵਾਲੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਫਾਇਰਿੰਗ ਦੀ ਵਾਇਰਲ ਵੀਡੀਓ ਵਿੱਚ ਸ਼ਾਮਲ ਪੰਜ ਪੁਲਿਸ ਮੁਲਾਜ਼ਮਾਂ ਸਮੇਤ ਚਾਰ ਹੋਰ ਪ੍ਰਾਈਵੇਟ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਇਹ ਪੁਲਿਸ ਮੁਲਾਜ਼ਮ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਫਾਇਰਿੰਗ ਮੌਕੇ ਜੋ ਹਥਿਆਰ ਵਰਤੇ ਗਏ ਹਨ, ਉਸ ਬਾਰੇ ਜਾਂਚ ਚੱਲ ਰਹੀ ਹੈ। ਉਹਨਾਂ ਦੱਸਿਆ ਕਿ ਸਿੱਧੂ ਮੂਸੇ ਵਾਲੇ ਸਮੇਤ 9 ਹੋਰ ਵਿਅਕਤੀਆਂ ਵਿਰੁੱਧ ਧਾਰਾ 188 ਅਤੇ 51 ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।