ਲੁਧਿਆਣਾ: ਚੋਰਾਂ ਅਤੇ ਲੁੱਟਾ ਖੋਹਾਂ ਕਰਨ ਵਾਲੇ ਗਿਰੋਹਾਂ ਦੇ ਹੌਸਲੇ ਐਨੇ ਕੁ ਬਲੰਦ ਹਨ ਕਿ ਦਿਨ ਦਿਹਾੜੇ ਇਨ੍ਹਾਂ ਲੁਟੇਰਿਆਂ ਵੱਲੋਂ ਚੋਰੀ ਅਤੇ ਲੁੱਟ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਕੁਝ ਇਸੇ ਤਰ੍ਹਾਂ ਦੀ ਖੌਫਨਾਕ ਵਾਰਦਾਤ ਲੁਧਿਆਣਾ ਦੇ ਸਮਰਾਲਾ ਚੌਕ ਵਿੱਚ ਵੇਖਣ ਨੂੰ ਮਿਲੀ ਹੈ। ਜਿੱਥੇ ਚਾਰ ਹਥਿਆਰਬੰਦ ਲੁਟੇਰਿਆਂ ਨੇ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਦੁਕਾਨ ਮਾਲਕ ਨੇ ਪੁਲਿਸ 'ਤੇ ਸਮੇਂ ਸਿਰ ਨਾ ਪਹੁੰਚਣ ਦੇ ਇਲਜ਼ਾਮ ਵੀ ਲਗਾਏ ਹਨ।
ਲੁਧਿਆਣਾ: ਵੈਸਟਰ ਯੂਨੀਅਨ ਦੀ ਦੁਕਾਨ 'ਤੇ ਹੋਈ ਲੁੱਟ ਦੀ ਵਾਰਦਾਤ, ਦੁਕਾਨ ਮਾਲਕ ਨੂੰ ਕੀਤਾ ਗੰਭੀਰ ਜ਼ਖਮੀ ਸਮਰਾਲਾ ਚੌਕ ਨੇੜੇ ਦੀ ਵੈਸਟਰਨ ਯੂਨੀਅਨ ਦੇ ਦੁਕਾਨ ਦੇ ਵਿੱਚ ਲੁੱਟ ਦੀ ਵਾਰਦਾਤ ਵਿੱਚ ਦੁਕਾਨ ਦਾ ਮਾਲਕ ਲੁਟੇਰਿਆਂ ਦਾ ਮੁਕਾਬਲਾ ਕਰਦੇ ਹੋਏ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਲੁਟੇਰਿਆਂ ਨੇ ਉਸ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਹਨ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਲੁੱਟ ਦੀ ਵਾਰਦਾਤ ਬਾਰੇ ਮੀਡੀਆ ਨੂੰ ਦੱਸ ਦੇ ਹੋਏ ਦੁਕਾਨ ਮਾਲਕ ਵਿਜੈ ਕੁਮਾਰ ਨੇ ਕਿਹਾ ਕਿ ਉਸ ਨੂੰ ਉਸ ਦੇ ਲੜਕੇ ਦਾ ਫੋਨ ਆਇਆ ਸੀ ਕਿ ਦੁਕਾਨ 'ਤੇ ਲੁੱਟ ਹੋ ਗਈ ਹੈ। ਜਿਸ ਤੋਂ ਬਾਅਦ ਜਦੋਂ ਉਹ ਪਹੁੰਚੇ ਤਾਂ ਉਨ੍ਹਾਂ ਦਾ ਬੇਟਾ ਜ਼ਖ਼ਮੀ ਸੀ। ਉਸ ਦੇ ਸਿਰ 'ਤੇ ਦਾਤ ਨਾਲ ਹਮਲਾ ਕੀਤਾ ਗਿਆ ਸੀ ਅਤੇ ਉਸ ਦੇ ਸਿਰ ਵਿੱਚ ਗੰਭੀਰ ਸੱਟਾ ਲੱਗੀਆਂ ਸਨ। ਉਨ੍ਹਾਂ ਨੇ ਕਿਹਾ ਕਿ ਬੇਟੇ ਨੇ ਲੁਟੇਰਿਆਂ ਦੇ ਨਾਲ ਮੁਕਾਬਲਾ ਕੀਤਾ ਪਰ ਉਨ੍ਹਾਂ ਕੋਲ ਹਥਿਆਰ ਸੀ, ਪੀੜਤ ਨੇ ਕਿਹਾ ਕਿ ਕਾਫੀ ਦੇਰ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ।
ਦੁਕਾਨ ਦੇ ਮਾਲਕ ਅਤੇ ਨੌਜਵਾਨ ਦੇ ਪਿਤਾ ਵਿਜੈ ਕੁਮਾਰ ਨੇ ਕਿਹਾ ਕਿ ਪੁਲਿਸ ਪੈਸੇ ਲੈ ਕੇ ਲੁਟੇਰਿਆਂ ਨੂੰ ਛੱਡ ਦਿੰਦੀ ਹੈ। ਉਨ੍ਹਾਂ ਦੇ ਆਉਣ ਦਾ ਕੋਈ ਫ਼ਾਇਦਾ ਨਹੀਂ। ਉਨ੍ਹਾਂ ਕਿਹਾ ਲੁੱਟ ਦੀ ਰਕਮ ਦਾ ਹਾਲੇ ਖੁਲਾਸਾ ਨਹੀਂ ਹੈ ਹੋਇਆ ਕਿਉਂਕਿ ਜ਼ਖਮੀ ਨੌਜਵਾਨ ਨੂੰ ਹੀ ਪੈਸਿਆਂ ਬਾਰੇ ਜਾਣਕਾਰੀ ਸੀ।
ਸਾਹਨੇਵਾਲ ਦੇ ਏਸੀਪੀ ਸਿਮਰਨਜੀਤ ਸਿੰਘ ਨੇ ਕਿਹਾ ਹਾਲੇ ਕਿੰਨੇ ਦੀ ਲੁੱਟ ਹੋਈ ਹੈ ਇਸ ਬਾਰੇ ਖੁਲਾਸਾ ਨਹੀਂ ਹੋਇਆ ਪਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਕਿਹਾ ਫਿਲਹਾਲ ਉਨ੍ਹਾਂ ਕੋਲ ਮੁੱਢਲੀ ਜਾਣਕਾਰੀ ਹੈ।