ਅੰਮ੍ਰਿਤਸਰ: ਸ਼ਹਿਰ ਦੇ ਪਿੰਡ ਪੱਖੋਪੁਰ ਵਿਖੇ ਇੱਕ ਹੋਰ ਵਿਆਹੁਤਾ ਦਾ ਦਾਜ ਲਈ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਤੀ ਤੇ ਸਹੁਰੇ ਪਰਿਵਾਰ ਨੇ ਦਹੇਜ 'ਚ ਬੁਲੇਟ ਮੋਟਰਸਾਈਕਲ ਦੀ ਮੰਗ ਕੀਤੀ ਸੀ, ਜਦ ਮੰਗ ਪੂਰੀ ਨਾ ਹੋਈ ਤਾਂ ਉਨ੍ਹਾਂ ਨੇ ਵਿਆਹੁਤਾ ਦਾ ਕਤਲ ਕਰ ਦਿੱਤਾ।
ਮ੍ਰਿਤਕਾ ਦੀ ਪਛਾਣ ਰੂਪੀ ਵਜੋਂ ਹੋਈ ਹੈ। ਮ੍ਰਿਤਕਾ ਦੇ ਭਰਾ ਜਗਰੂਪ ਸਿੰਘ ਤੇ ਪਿਤਾ ਮੰਗਲ ਲਾਲ ਨੇ ਦੱਸਿਆ ਕਿ ਉਹ ਪਿੰਡ ਵੱਲਾ ਦੇ ਵਸਨੀਕ ਹਨ। ਸਾਲ 2014 'ਚ ਉਨ੍ਹਾਂ ਨੇ ਰੂਪੀ ਦਾ ਵਿਆਹ ਜਗਲਾਲ ਸਿੰਘ ਵਸਨੀਕ ਪਿੰਡ ਪੱਖੋਪੁਰ ਨਾਲ ਕੀਤਾ ਸੀ।
ਦਾਜ ਨਾ ਮਿਲਣ 'ਤੇ ਵਿਆਹੁਤਾ ਦਾ ਕਤਲ ਰੂਪੀ ਦੇ ਸਹੁਰੇ ਪਰਿਵਾਰ ਦੇ ਲੋਕ ਲਗਾਤਾਰ ਦਾਜ ਦੀ ਮੰਗ ਕਰ ਰਹੇ ਸਨ। ਹੈਸੀਅਤ ਮੁਤਾਬਕ ਉਨ੍ਹਾਂ ਦਾਜ ਦਿੱਤਾ ਵੀ ਸੀ ਪਰ ਹੁਣ ਮ੍ਰਿਤਕਾ ਦਾ ਪਤੀ ਬੁਲੇਟ ਮੋਟਰਸਾਈਕਲ ਦੀ ਮੰਗ ਕਰ ਰਿਹਾ ਸੀ। ਜਦੋਂ ਵਿਆਹੁਤਾ ਦਾ ਪਰਿਵਾਰ ਉਨ੍ਹਾਂ ਦੀ ਇਹ ਮੰਗ ਪੂਰੀ ਨਾ ਕਰ ਸਕਿਆ ਤਾਂ ਉਨ੍ਹਾਂ ਨੇ ਗਲ਼ਾ ਘੋਟ ਕੇ ਰੂਪੀ ਦਾ ਕਤਲ ਕਰ ਦਿੱਤਾ।
ਮ੍ਰਿਤਕਾ ਦੇ ਪਰਿਵਾਰ ਨੇ ਦੱਸਿਆ ਕਿ ਤਾਲਾਬੰਦੀ ਦੇ ਦੌਰਾਨ ਉਹ ਲੜਕੀ ਦਾ ਪਤਾ ਨਹੀਂ ਲੈਣ ਜਾ ਸਕੇ ਤੇ ਪਿਛੋਂ ਉਸ ਦਾ ਪਤੀ ਉਸ ਨਾਲ ਕੁੱਟਮਾਰ ਤੇ ਉਸ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਦਾ ਸੀ। ਮ੍ਰਿਤਕਾ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਮ੍ਰਿਤਕਾ ਦੇ ਪਤੀ ਜਗਲਾਲ ਸਣੇ ਸਹੁਰੇ ਪਰਿਵਾਰ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਮਾਮਲੇ ਬਾਰੇ ਦੱਸਦੇ ਹੋਏ ਥਾਣਾ ਇੰਚਾਰਜ ਸੋਨਮਦੀਪ ਕੌਰ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕਾਂ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਸਹੁਰਾ ਪਰਿਵਾਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।