ਫਗਵਾੜਾ : ਸ਼ਹਿਰ ਦੇ ਰਣਜੀਤ ਸਿੰਘ ਨਗਰ 'ਚ ਅਣਪਛਾਤੇ ਲੋਕਾਂ ਵੱਲੋਂ ਇੱਕ 65 ਸਾਲਾ ਬਜ਼ੁਰਗ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਫਗਵਾੜਾ 'ਚ 65 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ - ਕਤਲ ਮਾਮਲਾ
ਫਗਵਾੜਾ ਦੇ ਰਣਜੀਤ ਨਗਰ ਵਿੱਚ ਇੱਕ 65 ਸਾਲਾ ਬਜ਼ੁਰਗ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਕਾਤਲਾਂ ਨੇ ਮ੍ਰਿਤਕ ਦੇ ਘਰ ਤੋਂ 8 ਲੱਖ ਰੁਪਏ ਅਤੇ ਗਹਿਣੇ ਵੀ ਲੁੱਟੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਮ੍ਰਿਤਕ ਦੀ ਪਛਾਣ 65 ਸਾਲਾ ਹੰਸ ਰਾਜ ਰਣਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਬੇਟੇ ਕਮਲਦੀਪ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਮਾਂ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਹਨ। ਇਸ ਲਈ ਉਹ ਰਾਤ ਮਾਂ ਕੋਲ ਹਸਪਤਾਲ ਗਿਆ ਸੀ। ਸਵੇਰੇ ਜਦ ਉਹ ਘਰ ਵਾਪਸ ਆਇਆ ਤਾਂ ਉਸ ਨੇ ਵੇਖਿਆ ਘਰ ਦਾ ਗੇਟ ਖੁੱਲ੍ਹਾ ਹੋਇਆ ਸੀ ਤੇ ਕਮਰੇ 'ਚ ਬੈਡ ਉੱਤੇ ਉਸ ਦੇ ਪਿਤਾ ਦੀ ਲਾਸ਼ ਖੂਨ ਨਾਲ ਲਥਪਥ ਪਈ ਸੀ। ਕਮਰੇ ਦੀ ਅਲਮਾਰੀ ਵੀ ਖੁੱਲ੍ਹੀ ਮਿਲੀ। ਇਸ ਤੋਂ ਬਾਅਦ ਉਸ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੀੜਤ ਪਰਿਵਾਰ ਨੇ ਅਣਪਛਾਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਘਟਨਾ ਬਾਰੇ ਦੱਸਦੇ ਹੋਏ ਫਗਵਾੜਾ ਦੇ ਡੀਐਸਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਟੀਮ ਨਾਲ ਮੌਕੇ 'ਤੇ ਪੁਜੇ। ਪੁਲਿਸ ਵੱਲੋਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਹੈ ਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਕਾਤਲਾਂ ਵੱਲੋਂ ਮ੍ਰਿਤਕ ਦੇ ਘਰ ਤੋਂ 8 ਲੱਖ ਰੁਪਏ ਅਤੇ ਗਹਿਣੇ ਵੀ ਲੁੱਟੇ ਗਏ ਹਨ। ਡੀਐਸਪੀ ਨੇ ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ।