ਮਾਨਸਾ: ਜ਼ਿਲ੍ਹੇ ਦੇ ਪਿੰਡ ਬਰ੍ਹੇ ਵਿਖੇ ਇੱਕ ਦੁੱਖਦ ਘਟਨਾ ਵਾਪਰੀ ਹੈ। ਇਥੇ ਖੇਤ 'ਚ ਲੱਗੀ ਪਾਣੀ ਵਾਲੀ ਮੋਟਰ ਤੋਂ ਕਰੰਟ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ 2 ਲੋਕ ਗੰਭੀਰ ਜ਼ਖਮੀ ਹੋ ਗਏ।
ਖੇਤਾਂ 'ਚ ਮੋਟਰ ਲਗਾਉਂਦੇ ਸਮੇਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ - ਆਰਥਿਕ ਮਦਦ
ਮਾਨਸਾ ਜ਼ਿਲ੍ਹੇ ਦੇ ਪਿੰਡ ਬਰ੍ਹੇ ਵਿਖੇ ਖੇਤ 'ਚ ਲੱਗੀ ਪਾਣੀ ਵਾਲੀ ਮੋਟਰ ਤੋਂ ਕਰੰਟ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ 2 ਲੋਕ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ 24 ਸਾਲਾ ਗੁਰਜੰਟ ਸਿੰਘ ਪਿੰਡ ਬਰ੍ਹੇ ਦੇ ਵਸਨੀਕ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਸ਼ਤੇਦਾਰ ਮਾਣਕ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਆਪਣੇ ਪਿਤਾ ਤੇ ਇੱਕ ਮਿਸਤਰੀ ਨਾਲ ਖੇਤਾਂ 'ਚ ਪਾਣੀ ਲਈ ਮੋਟਰ ਲਾ ਰਹੇ ਸੀ, ਅਚਾਨਕ ਕਰੰਟ ਲੱਗਣ ਨਾਲ ਤਿੰਨੋਂ ਗੰਭੀਰ ਜ਼ਖਮੀ ਹੋ ਗਏ। ਪਿੰਡ ਵਾਸੀਆਂ ਨੇ ਉਨ੍ਹਾਂ ਦਾ ਬਚਾਅ ਕੀਤਾ, ਪਰ ਉਦੋਂ ਗੁਰਜੰਟ ਦੀ ਮੌਤ ਹੋ ਚੁੱਕੀ ਸੀ। ਗੁਰਜੰਟ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਜ਼ਖਮੀਆਂ 'ਚ ਗੁਰਜੰਟ ਦੇ ਪਿਤਾ ਵੀ ਸ਼ਾਮਲ ਹਨ।
ਗੰਭੀਰ ਜ਼ਖਮੀਆਂ ਦੀ ਪਛਾਣ ਮ੍ਰਿਤਕ ਦੇ ਪਿਤਾ ਬੂਟਾ ਸਿੰਘ ਤੇ ਮਿਸਤਰੀ ਗੁਰਦੀਪ ਸਿੰਘ ਵਜੋਂ ਹੋਈ ਹੈ। ਦੋਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਇਸ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਅਤੇ ਜ਼ਖਮੀਆਂ ਦੇ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ।