ਚੰਡੀਗੜ੍ਹ: ਪਾਕਿਸਤਾਨ ਦੇ ਲਾਹੌਰ 'ਚ ਮੋਸਟ ਵਾਂਟੇਡ ਖਾਲਿਸਤਾਨੀ ਅੱਤਵਾਦੀ ਪਰਮਜੀਤ ਸਿੰਘ ਪੰਜਵੜ ਮਾਰਿਆ ਗਿਆ। ਪਰਮਜੀਤ ਪੰਜਵੜ ਪਾਕਿਸਤਾਨ ਵਿੱਚ ਇੱਕ ਵੱਖਰੇ ਨਾਂ ਨਾਲ ਰਹਿੰਦਾ ਸੀ ਅਤੇ ਉਥੋਂ ਉਹ ਖਾਲਿਸਤਾਨ ਪੱਖੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ। ਸੂਤਰਾਂ ਅਨੁਸਾਰ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ ਵਿੱਚ ਬਾਈਕ ਸਵਾਰਾਂ ਨੇ ਨਿਸ਼ਾਨਾ ਬਣਾਇਆ। ਸੂਤਰਾਂ ਮੁਤਾਬਿਕ ਸ਼ਨੀਵਾਰ ਸਵੇਰੇ 6 ਵਜੇ ਦੋ ਵਿਅਕਤੀਆਂ ਲਾਹੌਰ ਦੇ ਜੌਹਰ ਕਸਬੇ ਅਧੀਨ ਪੈਂਦੇ ਸਨਫਲਾਵਰ ਸੋਸਾਇਟੀ ਦੇ ਅੰਦਰ ਦਾਖਲ ਹੋਏ ਅਤੇ ਪੰਜਵੜ ‘ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਦੱਸਿਆ ਜਾਂਦਾ ਹੈ ਕਿ ਪੰਜਵੜ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕੌਣ ਹੈ ਪਰਮਜੀਤ ਸਿੰਘ ਪੰਜਵੜ: ਪਰਮਜੀਤ ਸਿੱਖ ਪੰਜਵੜ 90 ਦੇ ਦਹਾਕੇ ਤੋਂ ਲੋੜੀਂਦਾ ਹੈ। ਜਾਣਕਾਰੀ ਮੁਤਾਬਿਕ ਪਰਮਜੀਤ ਸਿੰਘ ਬਹੁਤ ਸਾਲਾਂ ਤੋਂ ਅਪਰਾਧਿਕ ਵਾਰਦਾਤਾਂ ਵਿਚ ਸ਼ਾਮਿਲ ਸੀ ਅਤੇ ਛੋਟੇ-ਛੋਟੇ ਅਪਰਾਧ ਕਰ ਕੇ ਉਸ ਦਾ ਰੁਝਾਨ ਅੱਤਵਾਦ ਵੱਲ ਵੱਧ ਦਾ ਗਿਆ। ਸਾਲ 1990 ਤੋਂ ਉਸ ਨੇ ਪਾਕਿਸਤਾਨ ਵਿੱਚ ਸ਼ਰਨ ਲੈ ਲਈ। ਸੂਤਰਾਂ ਮੁਤਾਬਿਕ ਉਹ ਇੱਥੇ ਮਲਿਕ ਸਰਦਾਰ ਸਿੰਘ ਦੇ ਨਾਂ ’ਤੇ ਰਹਿ ਰਿਹਾ ਸੀ। ਪਰਮਜੀਤ ਸਿੰਘ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦਾ ਆਗੂ ਸੀ, ਜੋ ਕਿ ਇੱਕ ਅੱਤਵਾਦੀ ਸੰਗਠਨ ਹੈ। ਕਿਹਾ ਜਾਂਦਾ ਹੈ ਕਿ ਉਹ 1986 ਵਿੱਚ ਪਾਕਿਸਤਾਨ ਗਿਆ ਸੀ। ਜਿਸ ਦਾ ਪਤਾ 1990 ਵਿਚ ਲੱਗਿਆ ਪਰ ਉਦੋਂ ਤੱਕ ਉਹ ਕਾਫੀ ਥਾਵਾਂ ਬਦਲ ਚੁੱਕਿਆ ਸੀ ਅਤੇ ਹੁਣ ਉਹ ਲਾਹੌਰ ਦੇ ਵਿਚ ਰਹਿ ਰਿਹਾ ਸੀ।
ਪੰਜਾਬ ਦੇ ਤਰਨਤਾਰਨ ਦਾ ਜੰਮਪਲ:ਪਰਮਜੀਤ ਸਿੰਘ ਪੰਜਵੜ ਤਰਨਤਾਰਨ ਨੇੜਲੇ ਪਿੰਡ ਪੰਜਵੜ ਦਾ ਰਹਿਣ ਵਾਲਾ ਹੈ। ਜਿਥੇ 1986 ਤੱਕ ਰਿਹਾ। ਖਾਲਿਸਤਾਨ ਕਮਾਂਡੋ ਫੋਰਸ ਵਿੱਚ ਸ਼ਾਮਲ ਹੋਣ ਤੱਕ ਉਹ ਸੋਹਲ ਵਿੱਚ ਕੇਂਦਰੀ ਸਹਿਕਾਰੀ ਬੈਂਕ ਵਿੱਚ ਕੰਮ ਕਰਦਾ ਰਿਹਾ। 1986 ਵਿੱਚ, ਉਹ ਕੇਸੀਐਫ ਵਿੱਚ ਸ਼ਾਮਲ ਹੋਇਆ। ਕੇਸੀਐੱਫ ਦੇ ਕਮਾਂਡਰ - ਅਤੇ ਉਸਦੇ ਚਚੇਰੇ ਭਰਾ - ਲਾਭ ਸਿੰਘ ਦਾ ਉਸ ਉੱਤੇ ਬਹੁਤ ਪ੍ਰਭਾਵ ਸੀ।
ਅਪਰਾਧਿਕ ਵਾਰਦਾਤਾਂ 'ਚ ਨਾਮ: KCF ਦੇ ਕਮਾਂਡਰ, ਇੱਕ ਸਮੇਂ ਦੇ ਪੁਲਿਸ ਕਾਂਸਟੇਬਲ ਲਾਭ ਸਿੰਘ ਨੂੰ ਖਤਮ ਕਰਨ ਤੋਂ ਬਾਅਦ, ਪੰਜਵੜ ਪਾਕਿਸਤਾਨ ਲਈ ਰਵਾਨਾ ਹੋ ਗਿਆ ਅਤੇ ਅਜੇ ਵੀ ਇਹ ਮੰਨਿਆ ਜਾਂਦਾ ਹੈ ਕਿ ਉਹ ਸਰਹੱਦ ਪਾਰ ਹੈਰੋਇਨ ਤਸਕਰੀ ਰਾਹੀਂ ਫੰਡ ਇਕੱਠਾ ਕਰਕੇ KCF ਨੂੰ ਜ਼ਿੰਦਾ ਰੱਖ ਰਿਹਾ ਸੀ। ਇਸ ਦੇ ਨਾਲ ਭੋਲਾ ਠੱਠੀਆਂ ਅਤੇ ਪਰਗਟ ਸਿੰਘ ਨਾਰਲੀ ਵਰਗੇ ਪੰਜਾਬ ਦੇ ਚੋਟੀ ਦੇ ਸਮੱਗਲਰਾਂ ਦੀ ਮਦਦ ਵੀ ਕੀਤੀ। ਕਿਹਾ ਜਾਂਦਾ ਹੈ ਕਿ ਉਸਦੀ ਪਤਨੀ ਅਤੇ ਬੱਚੇ ਜਰਮਨੀ ਰਹਿ ਰਹੇ ਹਨ। ਪਰਮਜੀਤ ਵਿਰੁੱਧ 1989 ਤੋਂ 1990 ਤੱਕ 10 ਐਫਆਈਆਰ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਸੱਤ ਕਤਲ ਅਤੇ ਦੋ ਟਾਡਾ ਤਹਿਤ ਕੇਸ ਸ਼ਾਮਲ ਹਨ। KCF ਦਾ ਉਦੇਸ਼ ਸਾਰੇ ਵੱਖਵਾਦੀ ਖਾਲਿਸਤਾਨੀ ਖਾੜਕੂ ਸਮੂਹਾਂ ਨੂੰ ਇਕਜੁੱਟ ਕਰਨਾ ਅਤੇ 'ਸਿੱਖ ਹੋਮਲੈਂਡ' ਬਣਾਉਣ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨਾ ਸੀ। ਇਸ ਦਾ ਤਿੰਨ-ਪੱਧਰੀ ਲੜੀਵਾਰ ਢਾਂਚਾ ਸੀ ਜਿਸ ਵਿਚ ਪੰਥਕ ਕਮੇਟੀ ਦੇ ਮੈਂਬਰ ਲੀਡਰਸ਼ਿਪ ਦੇ ਪਹਿਲੇ ਅਤੇ ਦੂਜੇ ਪੱਧਰ ਦੇ ਹੁੰਦੇ ਸਨ। KCF ਦੀ ਤੀਜੀ ਪਰਤ ਵਿੱਚ ਮੁੱਖ ਤੌਰ 'ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (AISSF) ਦੇ ਕਾਡਰ ਸ਼ਾਮਲ ਸਨ।
1999 ਦੇ ਚੰਡੀਗੜ੍ਹ ਬੰਬ ਧਮਾਕੇ ਵਿਚ ਵੀ ਆਇਆ ਸੀ ਨਾਮ : 30 ਜੂਨ 1999 ਨੂੰ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਨੇ ਚੰਡੀਗੜ੍ਹ ਦੇ ਪਾਸਪੋਰਟ ਦਫਤਰ ਨੇੜੇ ਬੰਬ ਧਮਾਕਾ ਕੀਤਾ ਸੀ। ਇਸ ਧਮਾਕੇ 'ਚ ਚਾਰ ਲੋਕ ਜ਼ਖਮੀ ਹੋ ਗਏ, ਜਦਕਿ ਕਈ ਵਾਹਨ ਨੁਕਸਾਨੇ ਗਏ। ਧਮਾਕੇ ਲਈ ਸਕੂਟਰ ਦੇ ਟਰੰਕ ਵਿੱਚ ਬੰਬ ਰੱਖਿਆ ਗਿਆ ਸੀ। ਸਕੂਟਰ 'ਤੇ ਪਾਣੀਪਤ (ਹਰਿਆਣਾ) ਦੀ ਨੰਬਰ ਪਲੇਟ ਲੱਗੀ ਹੋਈ ਸੀ। ਇਸ ਮਗਰੋਂ ਪੁਲਿਸ ਨੇ ਸਕੂਟਰ ਮਾਲਕ ਸ਼ੇਰ ਸਿੰਘ ਨੂੰ ਪਾਣੀਪਤ ਤੋਂ ਗ੍ਰਿਫ਼ਤਾਰ ਕਰ ਲਿਆ। ਜਿਸ ਨੇ ਪੰਮੇ ਦਾ ਨਾਮ ਹੋਣ ਦੀ ਪੁਸ਼ਟੀ ਕੀਤੀ ਸੀ।
ਕੇਂਦਰ ਦੀ ਅੱਤਵਾਦੀਆਂ ਦੀ ਸੂਚੀ 'ਚ ਪੰਜਵੜ ਦਾ ਨਾਂ :ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਲ 2020 ਵਿੱਚ ਨੌਂ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਨਾਂ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਇਸ ਸੂਚੀ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਮੁਖੀ ਵਧਾਵਾ ਸਿੰਘ ਬੱਬਰ ਦਾ ਨਾਂ ਵੀ ਸ਼ਾਮਲ ਸੀ, ਜੋ ਕਿ ਤਰਨਤਾਰਨ ਦੇ ਹੀ ਪਿੰਡ ਦਾਸੂਵਾਲ ਦਾ ਵਸਨੀਕ ਹੈ। ।
ਨਸ਼ੇ ਅਤੇ ਹਥਿਆਰ ਪੰਜਾਬ ਭੇਜਦਾ ਸੀ:ਮੀਡੀਆ ਰਿਪੋਰਟਾਂ ਅਨੁਸਾਰ ਪਰਮਜੀਤ ਪੰਜਵੜ ਭਾਰਤੀ ਪੰਜਾਬ ਵਿੱਚ ਡਰੋਨ ਰਾਹੀਂ ਡਰੱਗ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸੀ ਅਤੇ ਨਾਲ ਹੀ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਅਤੇ ਹੈਰੋਇਨ ਦੀ ਤਸਕਰੀ ਰਾਹੀਂ ਫੰਡ ਇਕੱਠਾ ਕਰਕੇ ਕੇਸੀਐਫ ਨੂੰ ਜ਼ਿੰਦਾ ਰੱਖ ਰਿਹਾ ਸੀ।